Biography of Guru Nanak Dev Ji in Punjabi 2024

Biography of Guru Nanak Dev Ji in Punjabi: ਗੁਰੂ ਨਾਨਕ ਦੇਵ ਜੀ ਦੀ ਜੀਵਨ, ਮਾਤਾ-ਪਿਤਾ, ਜਨੇਊ-ਰਸਮ, ਸਿੱਖਿਆਵਾਂ, ਉਦਾਸੀਆਂ, ਰਤਨਾਵਾਂ ਤੇ ਬਾਣੀਆਂ

ਗੁਰੂ ਨਾਨਕ ਦੇਵ ਜੀ ਦੀ ਜੀਵਨੀ [Biography of Guru Nanak Dev Ji in Punjabi]

ਗੁਰੂ ਨਾਨਕ ਦੇਵ ਜੀ ਪੰਜਾਬੀ ਸਾਹਿਤ ਦੇ ਪਹਿਲੇ ਮੁੱਖ ਉਸਰੱਈਏ ਹਨ, ਜਿਨ੍ਹਾਂ ਨਾ ਕੇਵਲ ਆਪ ਕਵਿਤਾ ਤੇ ਰਾਗਾਂ ਵਿਚ ਮਹਾਨ ਬਾਣੀ ਦੀ ਰਚਨਾ ਕੀਤੀ, ਸਗੋਂ ਉਨ੍ਹਾਂ ਦੀ ਗੱਦੀ ਦੇ ਵਾਰਸ ਵੀ ਅੱਗੋਂ ਮਹਾਨ ਬਾਣੀਕਾਰ, ਸੰਗੀਤਕਾਰ, ਸੰਪਾਦਕ ਤੇ ਵਿਦਵਾਨ ਸਨ । ਕੇਵਲ ਇਹੋ ਨਹੀਂ ਆਪ ਦੇ ਵਿਚਾਰਾਂ ਤੇ ਸ਼ਖ਼ਸੀਅਤ ਤੋਂ ਹੋਰ ਬਹੁਤ ਸਾਰੇ ਸਾਹਿਤਕਾਰ ਤੇ ਕਵੀ ਵੀ ਪ੍ਰਭਾਵਿਤ ਹੋਏ ।

ਆਪ ਦੀ ਸ਼ਖ਼ਸੀਅਤ, ਬਾਣੀ ਤੇ ਉਪਦੇਸ਼ ਹੀ ਪੰਜਾਬੀ ਵਾਰਤਕ ਦੇ ਜਨਮ – ਦਾਤਾ ਬਣੇ । ਕੇਵਲ ਇਹ ਹੀ ਨਹੀਂ ਗੁਰੂ ਸਾਹਿਬ ਦੀ ਰਚਨਾ ਅੱਜ ਤਕ ਲਗਾਤਾਰ ਪੰਜਾਬੀ ਜੀਵਨ ਤੇ ਸਾਹਿਤ ਦੇ ਹਰ ਪੱਖ ਨੂੰ ਪ੍ਰਭਾਵਿਤ ਕਰ ਰਹੀ ਹੈ ।

ਜਨਮ – ਅਸਥਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ, ਪਿੰਡ ਤਲਵੰਡੀ ਵਿਚ ਵੈਸਾਖ ਸੁਦੀ 3, ਸੰਮਤ 1526 ਨੂੰ ਹੋਇਆ । ਪ੍ਰਵਿਸ਼ਟਾ ਮਹੀਨਾ ਵੈਸਾਖ ਦੀ 20 ਤਰੀਕ ਸੀ । ਈਸਵੀ 1469 ਮਹੀਨਾ ਅਪ੍ਰੈਲ ਦੀ 15 ਤਰੀਕ ਤੇ ਦਿਨ ਛਨਿੱਛਰ ਵਾਰ ਸੀ ।

ਤਲਵੰਡੀ ਦਾ ਪਹਿਲਾ ਨਾਮ ‘ਰਾਇਪੁਰ’ ਸੀ, ਫਿਰ ‘ਰਾਇ ਭੋਇ ਦੀ ਤਲਵੰਡੀ’ ਨਾਮ ਪ੍ਰਸਿੱਧ ਹੋਇਆ । ਸਤਿਗੁਰੂ ਨਾਨਕ ਦੇਵ ਜੀ ਦਾ ਜਨਮ – ਅਸਥਾਨ ਹੋਣ ਕਰਕੇ ਹੁਣ ਇਸ ਦਾ ਨਾਮ ‘ਨਨਕਾਣਾ ਸਾਹਿਬ’ ਹੈ । ਨਨਕਾਣਾ ਸਾਹਿਬ, ਲਾਹੌਰ ਤੋਂ 48 ਮੀਲ ਪੱਛਮ ਵੱਲ ਹੈ ।

ਲਾਹੌਰ ਤੋਂ ਜੜ੍ਹਾਂਵਾਲੇ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਨਨਕਾਣਾ ਸਾਹਿਬ ਰੇਲ ਦਾ ਸਟੇਸ਼ਨ ਹੈ, ਜ਼ਿਲਾ ਸ਼ੇਖੂਪੁਰਾ । ਜ਼ਿਲ੍ਹਾ ਸ਼ੇਖੂਪੁਰਾ ਜੰਕਸ਼ਨ ਤੋਂ ਇਕ ਲਾਈਨ ਸਾਂਗਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ । ਦੂਜੀ ਲਾਈਨ ਨਨਕਾਣਾ ਸਾਹਿਬ – ਜੜ੍ਹਾਂਵਾਲੇ ਦੇ ਰਸਤੇ, ਲਾਇਲਪੁਰ ਨੂੰ ਜਾਂਦੀ ਹੈ ।

ਰਾਇ ਭੋਇ, ਭੱਟੀ ਮੁਸਲਮਾਨ ਸਰਦਾਰ, ਤਲਵੰਡੀ ਦੇ ਆਸ ਪਾਸ ਦੇ ਇਲਾਕੇ ਦਾ ਮਾਲਕ ਸੀ । ਮੁਸਲਮਾਨਾਂ ਦੇ ਰਾਜ ਸਮੇਂ ਬਹੁਤ ਸਾਰੇ ਭੱਟੀ ਰਾਜਪੂਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿਚੋਂ ਪਿੰਡੀ ਭੱਟੀਆਂ, ਜ਼ਿਲਾ ਗੁਜਰਾਤ ਦਾ ਦੁੱਲਾ ਭੱਟੀ ਅਤੇ ਉਸ ਦਾ ਪੁੱਤਰ ਕਮਾਲ ਖ਼ਾਨ ਇਤਿਹਾਸ ਵਿਚ ਪ੍ਰਸਿੱਧ ਹਨ ।

ਗੁਰੂ ਜੀ ਦੇ ਜੀਵਨ ਤੇ ਚਾਨਣਾ
ਜਨਮ ਤਾਰੀਖ15 ਅਪ੍ਰੈਲ, 1469 ਈ.
ਜਨਮ ਅਸਥਾਨਰਾਇ ਭੋਇ ਦੀ ਤਲਵੰਡੀ
ਪਿਤਾ ਦਾ ਨਾਂਬਾਬਾ ਕਾਲੂ ਜੀ
ਮਾਤਾ ਦਾ ਨਾਂਤ੍ਰਿਪਤਾ ਜੀ
ਭੈਣ-ਭਰਾਭੈਣ – ਬੀਬੀ ਨਾਨਕੀ ਜੀ
ਸੁੁੱਪਤਨੀਸੁਲੱਖਣੀ ਜੀ
ਸਪੁੱਤਰਾਂ ਦੇ ਨਾਂਸ਼੍ਰੀ ਚੰਦ ਅਤੇ ਲਖਮੀ ਚੰਦ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ1499 ਈ. ਤੋਂ 1521 ਈ. ਤੱਕ
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੀ ਬਾਣੀ19 ਰਾਗਾਂ ਵਿਚ
ਜੋਤੀ – ਜੋਤੀ ਸਮਾਉਣਾ22 ਸਤੰਬਰ , 1539 ਈ :
ਗੁਰੂ-ਨਾਨਕ-ਦੇਵ-ਜੀ-ਦੀ-ਜੀਵਨੀ

ਪਹਿਲਾ ਪਿੰਡ

ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਂ ਬਾਬਾ ਕਾਲੂ ਜੀ ਸੀ । ਇਤਿਹਾਸ ਵਿਚ ਉਨ੍ਹਾਂ ਨੂੰ ਕਲਿਆਣ ਰਾਇ ਅਤੇ ਕਾਲੂ ਰਾਇ ਕਰ ਕੇ ਲਿਖਿਆ ਹੈ । ਰਾਇ ਭੋਇ ਦੇ ਪੁੱਤਰ ਰਾਇ ਬੁਲਾਰ ਪਾਸ ਪਟਵਾਰੀ ਦੇ ਅਹੁਦੇ ਉੱਤੇ ਮੁਲਾਜ਼ਮਤ ਦੇ ਕਾਰਨ ਇਹ ਤਲਵੰਡੀ ਰਹਿੰਦੇ ਸਨ ।

ਇਨ੍ਹਾਂ ਦਾ ਅਸਲੀ ਪਿੰਡ ਜ਼ਿਲਾ ਅੰਮ੍ਰਿਤਸਰ, ਤਹਿਸੀਲ ਤਰਨ ਤਾਰਨ ਵਿਚ ਸੀ । ਉਸ ਪਿੰਡ ਦਾ ਨਾਂ ‘ਪੱਠੇ ਵਿੰਡ ‘ਸੀ, ਤਰਨ ਤਾਰਨ ਤੋਂ 10 ਮੀਲ ਪੂਰਬ – ਦੱਖਣ ਦੀ ਗੁੱਠ ਵਿਚ ਪੱਠੇ ਵਿੰਡ, ਪਿੰਡ ਲੋਹਾਰ ਦੇ ਉੱਤਰ ਪਾਸੇ ਅਤੇ ਜਾਮਾਰਾਇ ਤੋਂ ਡੇਢ ਮੀਲ ਲਹਿੰਦੇ ਪਾਸੇ ਸੀ ।

ਹੁਣ ਉੱਥੇ ਗੁਰੂ ਨਾਨਕ ਜੀ ਦਾ ਗੁਰਦੁਆਰਾ ਹੈ, ਜਿੱਥੇ ਹੁਣ ਨਾਮ ਡੇਹਰਾ ਭੀ ਸਾਹਿਬ ਬਣ ਗਿਆ ਹੈ ਸਥਾਨਕ ਸੰਗਤ ਦੇ ਉੱਦਮ ਨਾਲ ਇਕ ਖ਼ਾਲਸਾ ਹਾਈ ਸਕੂਲ ਭੀ ਬਣ ਗਿਆ ਹੈ।

ਨਾਨਕਾ ਪਿੰਡ

ਸਤਿਗੁਰ ਨਾਨਕ ਸਾਹਿਬ ਦੀ ਮਾਤਾ ਦਾ ਨਾਂ ‘ਤ੍ਰਿਪਤਾ ਜੀ’ ਸੀ । ਮਾਤਾ ਤ੍ਰਿਪਤਾ ਜੀ ਦਾ ਪੇਕਾ ਪਿੰਡ ਚਾਹਲ, ਜ਼ਿਲਾ ਤੇ ਤਹਿਸੀਲ ਲਾਹੌਰ ਵਿਚ ਹੈ, ਲਾਹੌਰ ਛਾਉਣੀ ਤੋਂ ਅੱਠ ਮੀਲ ਦੀ ਵਿੱਥ ਉਤੇ ਪੂਰਬ – ਦੱਖਣ ਪਾਸੇ । ਸਤਿਗੁਰੂ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਜਨਮ ਇਸੇ ਪਿੰਡ ਵਿਚ ਸੰਨ 1464 ਵਿਚ ਹੋਇਆ ਸੀ ।

ਬੀਬੀ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਨਾਲੋਂ ਪੰਜ ਸਾਲ ਵੱਡੇ ਸਨ । ਨਾਨਕਾ ਪਿੰਡ ਹੋਣ ਕਰਕੇ ਸਤਿਗੁਰੂ ਚਾਹਲ ਆਉਂਦੇ ਜਾਂਦੇ ਰਹੇ । ਉਨ੍ਹਾਂ ਦੀ ਯਾਦ ਵਿਚ ਉੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ।

ਵਿੱਦਿਆ

ਸੱਤ ਸਾਲਾਂ ਦੀ ਉਮਰੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਪਹਿਲਾਂ ਇਨ੍ਹਾਂ ਨੂੰ ਗੋਪਾਲ ਪੰਡਿਤ ਪਾਸ ਹਿੰਦੀ ਪੜ੍ਹਨ ਬਿਠਾਇਆ, ਫੇਰ ਬ੍ਰਿਜ ਲਾਲ ਪੰਡਿਤ ਪਾਸ ਸੰਸਕ੍ਰਿਤ ਪੜ੍ਹਨ ।

ਜਦੋਂ ਸਤਿਗੁਰੂ ਜੀ ਦੀ ਉਮਰ ਤੇਰ੍ਹਾਂ ਸਾਲਾਂ ਦੀ ਹੋਈ ਤਾਂ ਸੰਮਤ ੧੫੩੯ ਵਿਚ ਉਨ੍ਹਾਂ ਨੂੰ ਤਲਵੰਡੀ ਦੇ ਮੌਲਵੀ ਕੁਤਬੁੱਦੀਨ ਪਾਸ ਫ਼ਾਰਸੀ ਪੜ੍ਹਨ ਲਈ ਬਿਠਾਇਆ ਗਿਆ । ਗੁਰੂ ਨਾਨਕ ਦੇਵ ਜੀ ਦੀ ਅੱਤ ਉੱਚੇ ਦਰਜੇ ਦੀ ਤੀਖਣ ਬੁੱਧੀ ਨੂੰ ਵੇਖ ਕੇ ਇਹ ਤਿੰਨੇ ਉਸਤਾਦ, ਆਪੋ ਆਪਣੀ ਵਾਰੀ, ਬੜੇ ਹੈਰਾਨ ਹੋਏ ।

ਨਿਰਾ ਦਿਮਾਗ਼ ਹੀ ਰੌਸ਼ਨ ਨਹੀਂ ਸੀ, ਸਤਿਗੁਰੂ ਜੀ ਨੂੰ ਆਤਮਕ ਜੀਵਨ ਦੀ ਭੀ ਬੜੀ ਸੂਝ ਸੀ । ਗੁਰੂ ਨਾਨਕ ਦੇਵ ਜੀ ਦਾ ਬਾਲ – ਉਮਰ ਦਾ ਗੰਭੀਰ ਜੀਵਨ ਤੱਕ ਕੇ ਨਗਰ ਦੇ ਸਾਰੇ ਹਿੰਦੂ ਮੁਸਲਮਾਨ ਸਿਰ ਨਿਵਾਉਣ ਲੱਗ ਪਏ । ਰਾਇ ਬੁਲਾਰ ਭੀ ਆਖਣ ਲੱਗ ਪਿਆ ਕਿ ਇਸ ਬਾਲਕ ਉੱਤੇ ਖ਼ੁਦਾ ਦੀ ਖ਼ਾਸ ਰਹਿਮਤ ਹੈ ।

ਜਨੇਊ

ਤਕਰੀਬਨ ਹਰੇਕ ਧਰਮ ਅਨੁਸਾਰ ਮਨੁੱਖ ਦੇ ਦੋ ਜਨਮ ਮਿੱਥੇ ਗਏ ਹਨ । ਇਕ ਸਰੀਰਕ ਜਨਮ, ਜੋ ਹਰੇਕ ਜੀਵ ਨੂੰ ਆਪਣੀ ਮਾਂ ਤੋਂ ਮਿਲਦਾ ਹੈ, ਦੂਜਾ ਆਤਮਕ ਜਨਮ, ਜਿਸ ਦੀ ਪ੍ਰਾਪਤੀ ਵਾਸਤੇ ਖ਼ਾਸ ਉਮਰ ਉਤੇ ਪਹੁੰਚ ਕੇ ਧਾਰਮਿਕ ਮਰਯਾਦਾ ਕਰਨੀ ਪੈਂਦੀ ਹੈ ।

ਮੱਨੂੰ ਦੇ ਧਰਮ – ਸ਼ਾਸਤਰ ਅਨੁਸਾਰ ਬ੍ਰਾਹਮਣ, ਖੱਤਰੀ ਅਤੇ ਵੈਸ਼ ਵਾਸਤੇ ਆਤਮਕ ਜਨਮ ਦੀ ਪ੍ਰਾਪਤੀ ਦੀ ਖ਼ਾਤਰ ਜਨੇਊ ਪਹਿਰਨ ਦੀ ਮਰਯਾਦਾ ਹੈ । ਸ਼ੂਦਰ ਨੂੰ ਇਸ ਦਾ ਅਧਿਕਾਰ ਹੀ ਨਹੀਂ ਹੈ ।

ਮੱਨੂੰ ਦੇ ਮੱਤ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਹ ਦਾ, ਖੱਤਰੀ ਦਾ ਜਨੇਊ ਸਣ ਦਾ ਅਤੇ ਵੈਸ਼ ਦਾ ਜਨੇਊ ਮੋਢੇ ਦੀ ਉੱਨ ਦਾ ਹੋਣਾ ਚਾਹੀਦਾ ਹੈ । ਸੂਤਰ ਨੂੰ ਵੱਟ ਕੇ, ਤਿਹਰਾ ਕਰ ਕੇ ਉਸ ਦੀ ਡੋਰ ਵੱਟਣੀ ਹੁੰਦੀ ਹੈ ।

ਇਹਨਾਂ ਤਿਹਰੀਆਂ ਤਿੰਨ ਡੋਰਾਂ ਦਾ ਇਕ ਅੰਗ ਹੁੰਦਾ ਹੈ । ਦੋ ਅਗਾਂ ਦਾ ਇਕ ਜਨੇਊ ਬਣਦਾ ਹੈ । ਜਨੇਊ ਖੱਬੇ ਮੋਢੇ ਤੋਂ ਪਹਿਨ ਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ । ਪਰ ਪਿੱਤਰੀ – ਕਰਮ ਕਰਨ ਵੇਲੇ ਜਨੇਊ ਸੱਜੇ ਮੋਢੇ ਤੇ ਪਹਿਨੀਦਾ ਹੈ ।

ਮਰਯਾਦਾ ਅਨੁਸਾਰ ਬ੍ਰਾਹਮਣ ਦਾ ਜਨੇਊ – ਸੰਸਕਾਰ, ਗਰਭ ਤੋਂ ਲੈ ਕੇ ਅੱਠਵੇਂ ਸਾਲ ਵਿਚ ਹੋਣਾ ਚਾਹੀਦਾ ਹੈ, ਖੱਤਰੀ ਦਾ ਯਾਰ੍ਹਵੇਂ ਸਾਲ ਅਤੇ ਵੈਸ਼ ਦਾ ਬਾਰ੍ਹਵੇਂ ਸਾਲ ਵਿਚ । ਬ੍ਰਾਹਮਣ ਦਾ ਬਸੰਤ ਰੁੱਤੇ, ਖੱਤਰੀ ਦਾ ਗਰਮੀ ਰੁੱਤੇ ਅਤੇ ਵੈਸ਼ ਦਾ ਪਤਝੱੜ ਵਿਚ । ਸੰਸਕਾਰ ਆਦਿਕ ਕਰਮ ਕਰਾਉਣ ਲਈ ਹਰੇਕ ਹਿੰਦੂ – ਘਰ ਦਾ ਇਕ ਪੁਰਹਿਤ ਹੁੰਦਾ ਹੈ, ਜੋ ਬ੍ਰਾਹਮਣ ਜਾਤੀ ਵਿਚੋਂ ਹੀ ਹੋ ਸਕਦਾ ਹੈ । ਬਾਬਾ ਕਾਲ ਜੀ ਦੇ ਘਰ ਦਾ ਪੁਰੋਹਿਤ ਪੰਡਿਤ ਹਰਦਿਆਲ ਸੀ, ਜੋ ਤਲਵੰਡੀ ਦਾ ਹੀ ਵਸਨੀਕ ਸੀ ।

ਗੁਰੂ ਨਾਨਕ ਦੇਵ ਜੀ ਦੀ ਜਨਮ – ਪੱਤ੍ਰੀ (ਉਹ ਕਾਗ਼ਜ਼ ਹੁੰਦਾ ਹੈ ਜਿਸ ਉੱਤੇ ਕਿਸੇ ਦੇ ਜਨਮ ਸਮੇ ਦੇ ਦਿਨ, ਥਿਤ, ਸਾਲ, ਯੋਗ ਕਰਣ, ਨਛੱਤਰ, ਰਾਸ ਅਤੇ ਗ੍ਰਹਿਆਂ ਦੀ ਚੰਗੀ ਮੰਦੀ ਦਸ਼ਾ ਦਾ ਨਿਰਣਾ ਲਿਖਿਆ ਹੁੰਦਾ ਹੈ ।) ਪੰਡਿਤ ਹਰਦਿਆਲ ਨੇ ਬਣਾਈ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਸਾਂ ਸਾਲਾਂ ਦੇ ਹੋਏ ਤਾਂ ਮਰਯਾਦਾ ਅਨੁਸਾਰ ਉਨ੍ਹਾਂ ਨੂੰ ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੂੰ ਸੱਦਿਆ ਗਿਆ । ਇਹ ਅਧਿਕਾਰ ਪੁਰੋਹਿਤ ਦਾ ਹੀ ਹੁੰਦਾ ਹੈ ।

ਘਰ ਵਿਚ ਪੁੱਤਰ ਦਾ ਜਨਮ ਧਰਮ – ਸ਼ਾਸਤਰਾਂ ਅਨੁਸਾਰ ਇਕ ਬੜੀ ਵਡਭਾਗਤਾ ਹੈ । ਪੁੱਤਰ ਹੀ ਪਿੱਤਰਾਂ ਨੂੰ ਪੂ ਨਾਮ ਦੇ ਨਰਕ ਤੋਂ ਬਚਾਉਂਦਾ ਹੈ । ਪੁੱਤਰ ਹੀ ਪਿੱਤਰਾਂ ਨਮਿੱਤ ਯੱਗ, ਸਰਾਧ ਆਦਿਕ ਕਰਨ ਦਾ ਅਧਿਕਾਰੀ ਹੈ । ਇਹ ਅਧਿਕਾਰ ਧੀ ਨੂੰ ਨਹੀਂ ਹੈ । ਜਨੇਊ ਪਹਿਰਨ ਦਾ ਅਧਿਕਾਰ ਭੀ ਪੁੱਤਰ ਨੂੰ ਹੀ ਹੈ, ਧੀ ਨੂੰ ਨਹੀਂ ।

ਸੋ, ਜਿਵੇਂ ਪੁੱਤਰ ਦਾ ਜਨਮ ਗ੍ਰਿਹਸਤੀ ਵਾਸਤੇ ਬੜੀ ਖ਼ੁਸ਼ੀ ਦਾ ਅਵਸਰ ਲਿਆਉਂਦਾ ਹੈ, ਤਿਵੇਂ ਹੀ ਜਨੇਊ ਪਹਿਰਾਉਣ ਦੀ ਰੀਤ ਭੀ ਬੜੇ ਚਾਅ – ਮਲ੍ਹਾਰ ਵਾਲੀ ਹੁੰਦੀ ਹੈ । ਸਾਰੇ ਸਾਕ – ਅੰਗ ਸੱਦੇ ਜਾਂਦੇ ਹਨ, ਵਿਆਹ ਸ਼ਾਦੀ ਵਾਂਗ ਹੀ ਖਾਣ ਪਕਾਉਣ ਦੇ ਬੜੇ ਉਚੇਚ ਕੀਤੇ ਜਾਂਦੇ ਹਨ । ਸਰਦੇ – ਪੁੱਜਦੇ ਘਰਾਂ ਵਿਚ ਮਾਸ ਭੀ ਬਣਦਾ ਹੈ । ਬਾਬਾ ਕਾਲੂ ਜੀ ਨੇ ਭੀ ਸਾਰੇ ਸਾਕ – ਅੰਗ ਸੱਦੇ ।

ਅਦੁੱਤੀ ਦ੍ਰਿੜ੍ਹਤਾ

ਤਲਵੰਡੀ ਵਿਚ ਗੁਰੂ ਨਾਨਕ ਦੇਵ ਜੀ ਦੀ ਰੌਸ਼ਨ – ਦਿਮਾਗ਼ੀ ਦੀ ਚਰਚਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਦਸਾਂ ਸਾਲਾਂ ਦਾ ਬਾਲਕ ਹਿੰਦੂ – ਸ਼ਾਸਤਰਾਂ ਦੇ ਸਦੀਆਂ ਦੇ ਬਣੇ ਭਰਮ – ਭਾ ਦਾ ਟਾਕਰਾ ਕਰਨ ਨੂੰ ਤਿਆਰ ਹੋ ਪਏਗਾ ।

ਜਦੋਂ ਨਗਰ ਦਾ ਸ਼ਰੀਕਾ, ਬਰਾਦਰੀ, ਨਗਰ ਦੇ ਪੈਂਚ ਅਤੇ ਸਾਰੇ ਸਾਕ ਅੰਗ ਜੁੜ ਬੈਠੇ, ਤਾਂ ਪੁਰੋਹਿਤ ਹਰਦਿਆਲ ਨੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਰਾਉਣ ਲਈ ਸ਼ਾਸਤਰਾਂ ਦੀ ਰਹੁ – ਰੀਤੀ ਅਰੰਭ ਕੀਤੀ । ਸਤਿਗੁਰੂ ਜੀ ਭੀ ਪੰਡਿਤ ਦੇ ਪਾਸ ਬੈਠੇ ਹੋਏ ਸਭ ਕੁਝ ਵੇਖਦੇ ਰਹੇ ।

ਜਦੋਂ ਗ੍ਰਹਿ – ਪੂਜਾ , ਦੇਵ – ਪੂਜਾ ਆਦਿਕ ਹੋ ਚੁੱਕੀਆਂ ਤਾਂ ਸਾਰੇ ਮੇਲ ਦੀਆਂ ਅੱਖਾਂ ਗੁਰੂ ਨਾਨਕ ਦੇਵ ਜੀ ਅਤੇ ਪੰਡਿਤ ਹਰਦਿਆਲ ਉੱਤੇ ਟਿੱਕ ਗਈਆਂ , ਜਨੇਊ ਪੈਂਦੇ ਸਾਰ ਸਭਨਾਂ ਨੇ ਬਾਬਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇਣੀਆਂ ਸਨ ।

ਪੰਡਿਤ ਹਰਦਿਆਲ ਜਨੇਊ ਫੜ ਕੇ ਗੁਰੂ ਨਾਨਕ ਦੇਵ ਜੀ ਦੇ ਗਲ ਵਿਚ ਪਾਉਣ ਲੱਗਾ , ਪਰ ਭਰੀ ਸੱਥ ਵਿਚ ਉਨ੍ਹਾਂ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ , ਤੇ ਕਹਿਣ ਲਗੇ — ਪੰਡਿਤ ਜੀ ! ਜਨੇਊ ਪਾਇਆਂ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਹੈ , ਜਿਸ ਨੂੰ ਤੁਸੀ ਆਤਮਕ ਜਨਮ ਆਖਦੇ ਹੋ , ਤਾਂ ਫਿਰ ਉਹ ਜਨੇਊ ਭੀ ਕਿਸੇ ਹੋਰ ਕਿਸਮ ਦਾ ਹੀ ਚਾਹੀਦਾ ਸੀ , ਜੋ ਆਤਮਾ ਲਈ ਫਬਵਾਂ ਹੁੰਦਾ ।

ਜਿਹੜਾ ਜਨੇਊ ਤੁਸੀ ਮੈਨੂੰ ਦੇ ਰਹੇ ਹੋ , ਇਹ ਤਾਂ ਕਪਾਹ ਦੇ ਧਾਗੇ ਦਾ ਹੈ । ਇਹ ਮੈਲਾ ਭੀ ਹੋ ਜਾਏਗਾ , ਇਹ ਟੁੱਟ ਭੀ ਜਾਏਗਾ , ਇਸ ਨੂੰ ਵਟਾਉਣ ਦੀ ਲੋੜ ਭੀ ਪਏਗੀ ।

ਜਦੋਂ ਅੰਤ ਵੇਲੇ ਆਤਮਾ ਤੇ ਸਰੀਰ ਦਾ ਸਦੀਵੀ ਵਿਛੋੜਾ ਹੋਵੇਗਾ , ਇਹ ਜਨੇਊ ਸਰੀਰ ਦੇ ਨਾਲ ਚਿਖਾ ਵਿਚ ਸੜ ਜਾਏਗਾ | ਫੇਰ ਇਹ ਜਨੇਊ ਆਤਮਕ ਜਨਮ ਲਈ ਕਿਵੇਂ ਹੋਇਆ ? ਗੱਲ ਬੜੀ ਸਾਦਾ ਸੀ , ਹਰੇਕ ਦੀ ਸਮਝ ਗੋਚਰੀ ਸੀ , ਪਰ ਅਜੇ ਤਕ ਬੜੇ ਬੜੇ ਸਿਆਣਿਆਂ ਨੂੰ ਭੀ ਕਦੇ ਅਹੁੜੀ ਨਹੀਂ ਸੀ ।

ਜੇ ਕਿਸੇ ਨੂੰ ਕਦੇ ਅਹੁੜੀ ਸੀ , ਤਾਂ ਹਿੰਮਤ ਨਹੀਂ ਸੀ ਪਈ ਕਿ ਸ਼ਾਸਤਰਾਂ ਦਾ ਟਾਕਰਾ ਕਰਦਾ ਦਸਾਂ ਸਾਲਾਂ ਦੇ ਬਾਲਕ ਨੇ ਸ਼ਾਸਤਰਾਂ ਦੇ ਅਧਿਕਾਰ ਨੂੰ ਵੰਗਾਰਿਆ । ਸਾਰੇ ਲੋਕ ਹੈਰਾਨ ਰਹਿ ਗਏ ।

ਪੰਡਿਤ ਨੇ ਬੜੇ ਮਿੱਠੇ ਬੋਲਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਨ ਦੇ ਯਤਨ ਕੀਤੇ । ਸਹੇ ਦੀ ਨਹੀਂ, ਉਸ ਨੂੰ ਤਾਂ ਪਹੇ ਦੀ ਪੈ ਗਈ ਸੀ । ਮਾਪਿਆਂ ਨੇ ਭੀ ਬੜੇ ਲਾਡ ਨਾਲ ਸਮਝਾਇਆ ਕਿ ਸ਼ਾਸਤਰਾਂ ਦੀ ਉਲੰਘਣਾ ਕਰਨਾ ਬੜਾ ਪਾਪ ਹੈ । ਪਿਆਰ ਭੀ ਕੀਤਾ ਗਿਆ, ਡਰਾਵੇ ਭੀ ਦਿੱਤੇ ਗਏ ।

ਪਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉਤੇ ਦ੍ਰਿੜ੍ਹ ਰਹੇ ਉਨ੍ਹਾਂ ਦਾ ਉੱਤਰ ਇਹੀ ਸੀ ਕਿ ਆਤਮਕ ਜਨਮ ਲਈ ਆਤਮਕ ਜਨੇਊ ਦੀ ਲੋੜ ਹੈ, ਜੇ ਪੰਡਿਤ ਜੀ ਦੇ ਪਾਸ ਉਹ ਜਨੇਊ ਮੌਜੂਦ ਹੈ ਤਾਂ ਬੇਸ਼ਕ ਦੇਣ, ਅਸੀਂ ਪਾ ਲੈਂਦੇ ਹਾਂ ।

ਕਰਮ – ਕਾਂਡ ਦੇ ਸਦੀਆਂ ਦੇ ਬਣੇ ਪੱਕੇ ਭਰਮ – ਗੜ੍ਹ ਉਤੇ ਦਸਾਂ ਸਾਲਾਂ ਦੇ ਬਾਲਕ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਭਾਰੀ ਚੋਟ ਸੀ । ਜੀਵਨ ਸੰਗ੍ਰਾਮ ਵਿਚ ਇਹ ਪਹਿਲੀ ਜਿੱਤ ਸੀ, ਜੋ ਬਾਲਕ – ਗੁਰੂ ਨੇ ਆਪਣੀ ਦ੍ਰਿੜ੍ਹਤਾ ਦੇ ਬਲ ਨਾਲ ਹਾਸਲ ਕੀਤੀ ।

ਮਹੀਆਂ ਚਾਰਨੀਆਂ

ਰਾਇ ਬੁਲਾਰ ਦਸਾਂ ਪਿੰਡਾਂ ਦਾ ਮਾਲਕ ਸੀ । ਉਸ ਦੇ ਪਿਉ ਰਾਇ ਭੋਇ ਨੂੰ ਮੁਸਲਮਾਨ ਹੋ ਜਾਣ ਉੱਤੇ, ਹਕੂਮਤ ਵੱਲੋਂ ਇਹ ਜਗੀਰ ਮਿਲੀ ਸੀ । ਬਾਬਾ ਕਾਲੂ ਜੀ ਇਨ੍ਹਾਂ ਦਸਾਂ ਪਿੰਡਾਂ ਦੇ ਪਟਵਾਰੀ ਸਨ, ਰਾਇ ਬੁਲਾਰ ਨੇ ਕੁਝ ਜ਼ਮੀਨ ਦੀ ਮਾਲਕੀ ਭੀ ਇਨ੍ਹਾਂ ਨੂੰ ਦੇ ਦਿੱਤੀ ਸੀ ।

ਵਾਹੀ ਦਾ ਕੰਮ ਬਾਬਾ ਜੀ ਮੁਜ਼ਾਰਿਆਂ ਪਾਸੋਂ ਕਰਾਉਂਦੇ ਸਨ, ਪਰ ਕਿਉਂਕਿ ਸਰਕਾਰੀ ਕੰਮ ਵਿਚ ਇਨ੍ਹਾਂ ਨੂੰ ਸਦਾ ਬਾਹਰ ਦੀਆਂ ਜ਼ਮੀਨਾਂ ਨਾਲ ਹੀ ਵਾਹ ਪੈਂਦਾ ਸੀ, ਸੋ ਆਪਣੀ ਜ਼ਮੀਨ ਦੀ ਨਿਗਰਾਨੀ ਭੀ ਆਪ ਹੀ ਕਰ ਲਿਆ ਕਰਦੇ ਸਨ ।

ਜ਼ਮੀਨ ਇਨ੍ਹਾਂ ਦੀ, ਤਲਵੰਡੀ ਦੇ ਨੇੜੇ ਹੀ ਸੀ, ਜਿਸ ਕਰਕੇ ਗੁਰੂ ਨਾਨਕ ਦੇਵ ਜੀ ਭੀ ਛੋਟੀ ਉਮਰ ਤੋਂ ਹੀ ਆਪਣੇ ਖੇਤਾਂ ਵਿਚ ਫੇਰਾ – ਤੋਰਾ ਰੱਖਣ ਲੱਗ ਪਏ ਸਨ । ਲੋਕ ਬਾਹਰ ਦੀਆਂ ਖੁੱਲ੍ਹੀਆਂ ਜ਼ਮੀਨਾਂ ਵਿਚ ਲਵੇਰਾ ਆਮ ਰਖਿਆ ਕਰਦੇ ਸਨ । ਸਾਰੀ ਦੀ ਸਾਰੀ ਜ਼ਮੀਨ ਨਾ ਕੋਈ ਵਾਂਹਦਾ ਸੀ, ਨਾ ਇਤਨੀ ਲੜ ਜਾਪਦੀ ਸੀ । ਮਾਲ – ਡੰਗਰ ਦੇ ਚਰਨ ਵਾਸਤੇ ਖੁੱਲ੍ਹੇ ਖਿੱਤੇ ਹੁੰਦੇ ਸਨ ।

ਅਨਾਜ ਨਾਲੋਂ ਲੋਕ ਬੇਰ, ਪੀਲੂ ਆਦਿਕ ਵਧੀਕ ਵਰਤਦੇ ਸਨ । ਦੁੱਧ ਵੱਲੋਂ ਬੇ – ਪਰਵਾਹੀ ਹੁੰਦੀ ਸੀ, ਪਰ ਜਿਤਨਾ ਕੁ ਫ਼ਸਲ ਲੋਕ ਬੀਜਦੇ ਸਨ, ਉਹ ਉਹਨਾਂ ਲਈ ਬੜਾ ਬਹੁ – ਮੁੱਲਾ ਹੁੰਦਾ ਸੀ।

ਕੁੜਮਾਈ ਅਤੇ ਵਿਆਹ

ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਵੈਸਾਖ ਵਦੀ 1, ਸੰਮਤ 1542 ਨੂੰ ਹੋਈ । ਸੂਰਜ ਦੇ ਹਿਸਾਬ ਵੈਸਾਖ ਦੀ ੫ ਤਰੀਕ ਸੀ । ਉਸ ਵੇਲੇ ਉਨ੍ਹਾਂ ਦੀ ਉਮਰ 16 ਸਾਲਾਂ ਦੀ ਸੀ । ਨਗਰ ਬਟਾਲੇ ਦੇ ਰਹਿਣ ਵਾਲੇ ਮੂਲ ਚੰਦ ਜੀ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਦਿੱਤਾ ।

ਇਹ ਸਾਕ ਗੁਰੂ ਨਾਨਕ ਦੇਵ ਜੀ ਦੇ ਭਣਵਈਏ ਭਾਈ ਜੈ ਰਾਮ ਜੀ ਦੀ ਰਾਹੀਂ ਹੋਇਆ ਸੀ । ਬਾਬਾ ਮੂਲ ਚੰਦ ਜੀ ਪਿੰਡ ਪੱਖੋਕੇ ਰੰਧਾਵੇ ਦੇ ਪਟਵਾਰੀ ਸਨ । ਪੱਖੋਕੇ ਜ਼ਿਲਾ ਗੁਰਦਾਸਪੁਰ ਵਿਚ, ਰਾਵੀ ਤੋਂ ਪਾਰਲੇ ਪਾਸੇ (ਹੁਣ ਪਾਕਿਸਤਾਨ ਵਿਚ), ਡੇਹਰਾ ਬਾਬਾ ਨਾਨਕ ਤੋਂ ਪੰਜ ਮੀਲ ਦੀ ਵਿੱਥ ਉੱਤੇ ਹੈ ।

ਭਾਈ ਜੈ ਰਾਮ ਜੀ, ਖ਼ਾਨਪੁਰ ਦੇ ਰਹਿਣ ਵਾਲੇ ਉੱਪਲ ਖੱਤਰੀ ਸਨ ਅਤੇ ਨਵਾਬ ਦੌਲਤ ਖ਼ਾਨ ਲੋਧੀ ਪਾਸ ਮਾਲ ਦੇ ਮਹਿਕਮੇ ਵਿਚ ਆਮਿਲ ਸਨ ।

ਬਾਬਾ ਕਾਲੂ ਜੀ ਤਲਵੰਡੀ ਦੇ ਪਟਵਾਰੀ ਸਨ । ਕਈ ਵਾਰੀ ਭਾਈ ਜੈ ਰਾਮ ਜੀ ਨੂੰ ਆਪਣੇ ਮਹਿਕਮੇ ਦੇ ਕੰਮ ਤਲਵੰਡੀ ਜਾਣਾ ਪੈਂਦਾ ਸੀ । ਇੱਕੋ ਮਹਿਕਮੇ ਦੇ ਹੋਣ ਕਰਕੇ ਦੋਹਾਂ ਦੀ ਸਾਂਝ ਬਣਦੀ ਗਈ ਤੇ ਆਖ਼ਰ ਬਾਬਾ ਕਾਲੂ ਜੀ ਨੇ ਆਪਣੀ ਲੜਕੀ ਬੀਬੀ ਨਾਨਕੀ ਦੀ ਸ਼ਾਦੀ ਉਨ੍ਹਾਂ ਨਾਲ ਕਰ ਦਿੱਤੀ ।

ਭਾਈ ਜੈ ਰਾਮ ਜੀ ਨੂੰ ਬਟਾਲੇ ਵਲ ਵੀ ਜਾਣਾ ਪੈਂਦਾ ਸੀ । ਬਾਬਾ ਮੂਲ ਚੰਦ ਜੀ ਨਾਲ ਸਾਂਝ ਬਣਨ ਉੱਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਲਈ ਸਾਕ ਦਾ ਪ੍ਰਬੰਧ ਕਰ ਦਿੱਤਾ ।

ਗੁਰੂ ਨਾਨਕ ਦੇਵ ਜੀ ਦਾ ਵਿਆਹ 24 ਜੇਠ 1544 ਸੰਮਤ ਨੂੰ ਹੋਇਆ (ਸੰਨ 1487, ਮਈ ਦੀ ਤਕਰੀਬਨ 21 ਤਰੀਕ) । ਉਸ ਵੇਲੇ ਉਨ੍ਹਾਂ ਦੀ ਉਮਰ 18 ਸਾਲਾਂ ਦੀ ਹੋ ਚੁੱਕੀ ਸੀ । ਜੰਞ ਬਟਾਲੇ ਗਈ ਸੀ । ਬਟਾਲਾ, ਅੰਮ੍ਰਿਤਸਰੋਂ ਪਠਾਨਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਪ੍ਰਸਿੱਧ ਸਟੇਸ਼ਨ ਹੈ ।

ਜਿੱਥੇ ਜੰਞ ਨੇ ਡੇਰਾ ਕੀਤਾ ਸੀ, ਉੱਥੇ ਅਜੇ ਭੀ ਉਸ ਵੇਲੇ ਦੀ ਕੱਚੀ ਕੰਧ ਦਾ ਨਮੂਨਾ ਸੰਭਾਲਿਆ ਹੋਇਆ ਹੈ ਉਥੇ ਹਰ ਸਾਲ ਭਾਦਰੋਂ ਸੁਦੀ 7 ਨੂੰ ਮੇਲਾ ਲੱਗਦਾ ਹੈ । (ਲਿਖਿਤ : ਪ੍ਰੋ. ਸਾਹਿਬ ਸਿੰਘ)

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ

1499 ਈ: ਵਿਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇਸ਼ – ਵਿਦੇਸ਼ ਦੀ ਲੰਬੀ ਯਾਤਰਾ ‘ਤੇ ਨਿਕਲ ਪਏ । ਗੁਰੂ ਦੇਵ ਜੀ ਨੇ ਕੁੱਲ 21 ਸਾਲ ਇਨ੍ਹਾਂ ਉਦਾਸੀਆਂ ਜਾਂ ਯਾਤਰਾਵਾਂ ਵਿਚ ਬਤੀਤ ਕੀਤੇ।

ਇਨ੍ਹਾਂ ਉਦਾਸੀਆਂ ਦਾ ਉਦੇਸ਼ ਲੋਕਾਂ ਵਿਚ ਫੈਲੀ ਅਗਿਆਨਤਾ ਨੂੰ ਦੂਰ ਕਰਨਾ ਅਤੇ ਇਕ ਪਰਮਾਤਮਾ ਦੀ ਅਰਾਧਨਾ ਦਾ ਪ੍ਰਚਾਰ ਕਰਨਾ ਸੀ ।

Biography of Guru Nanak Dev Ji
Biography of Guru Nanak Dev Ji

ਗੁਰੂ ਨਾਨਕ ਦੇਵ ਜੀ 1499 ਈ: ਦੇ ਅੰਤ ਵਿਚ ਭਾਈ ਮਰਦਾਨਾ ਦੇ ਨਾਲ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ।ਇਸ ਉਦਾਸੀ ਦੌਰਾਨ ਗੁਰੂ ਜੀ ਨੇ ਸੈਦਪੁਰ, ਤਾਲੂੰਬਾ, ਕੁਰੂਕਸ਼ੇਤਰ, ਪਾਨੀਪਤ, ਦਿੱਲੀ, ਹਰਿਦੁਆਰ, ਗੋਰਖਮਤਾ, ਬਨਾਰਸ, ਕਾਮਰੂਪ, ਗਯਾ, ਜਗਨਨਾਥ ਪੁਰੀ, ਲੰਕਾ ਅਤੇ ਪਾਕਪਟਨ ਆਦਿ ਪ੍ਰਦੇਸ਼ਾਂ ਦੀ ਯਾਤਰਾ ਕੀਤੀ । ਗੁਰੂ ਨਾਨਕ ਦੇਵ ਜੀ ਨੇ 1513-14 ਈ: ਵਿਚ ਆਪਣੀ ਦੂਜੀ ਉਦਾਸੀ ਆਰੰਭ ਕੀਤੀ।

ਇਸ ਉਦਾਸੀ ਦੌਰਾਨ ਨੇ ਪਹਾੜੀ ਰਿਆਸਤਾਂ, ਕੈਲਾਸ਼ ਪਰਬਤ, ਲੱਦਾਖ, ਕਸ਼ਮੀਰ, ਹਸਨ ਅਬਦਾਲ ਅਤੇ ਸਿਆਲਕੋਟ ਦੀ ਯਾਤਰਾ ਗੁਰੂ ਕੀਤੀ -1517 ਈ: ਵਿਚ ਸ਼ੁਰੂ ਕੀਤੀ ਗਈ ਆਪਣੀ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੁਲਤਾਨ, ਮੱਕਾ, ਮਦੀਨਾ, ਬਗ਼ਦਾਦ, ਕਾਬਲ, ਪਿਸ਼ਾਵਰ ਅਤੇ ਸੈਦਪੁਰ ਦੇ ਪ੍ਰਦੇਸ਼ਾਂ ਦੀ ਯਾਤਰਾ ਕੀਤੀ ।

ਇਨ੍ਹਾਂ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਵਿਅਕਤਿੱਤਵ ਤੋਂ ਪ੍ਰਭਾਵਿਤ ਹੋ ਕੇ ਹ ਜ਼ਾਰਾਂ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

ਰਚਨਾਵਾਂ ਤੇ ਵਿਸ਼ਾ

ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ । ਆਪ ਦੀਆਂ ਹੇਠ ਲਿਖੀਆਂ ਬਾਣੀਆਂ ਪ੍ਰਸਿੱਧ ਹਨ—

ਜਪੁਜੀ ਸਾਹਿਬ, ਆਸਾ ਦੀ ਵਾਰ, ਮਾਝ ਦੀ ਵਾਰ, ਮਲ੍ਹਾਰ ਦੀ ਵਾਰ, ਦੱਖਣੀ ਓਅੰਕਾਰ, ਸਿੱਧ ਗੋਸ਼ਟਿ ਅਤੇ ਬਾਰਹਮਾਹ ਤੁਖ਼ਾਰੀ । ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਆਪ ਦੇ ਨਾਂ ਨਾਲ ਸੰਬੰਧਿਤ ਕੁੱਝ ਰਚਨਾਵਾਂ ਮਿਲਦੀਆਂ ਹਨ, ਪਰੰਤੂ ਇਹ ਪ੍ਰਮਾਣਿਕ ਨਹੀਂ ਮੰਨੀਆਂ ਜਾ ਸਕਦੀਆਂ।

ਗੁਰੂ ਜੀ ਦੀ ਇਕ – ਇਕ ਰਚਨਾ ਦਾ ਰਚਨ – ਕਾਲ ਨਿਯਤ ਕਰਨਾ ਬਹੁਤ ਕਠਿਨ ਹੈ । ਜਨਮ-ਸਾਖੀਆਂ ਦੀ ਗੁਆਹੀ ਵੀ ਇਸ ਸੰਬੰਧ ਵਿਚ ਪ੍ਰਮਾਣਿਕ ਨਹੀਂ । ‘ਜਪੁਜੀ’, ‘ਸਿਧ ਗੋਸਟਿ’ ਅਤੇ ‘ਬਾਰਹਮਾਹ ਰਾਗ ਤੁਖ਼ਾਰੀ’ ਬਾਰੇ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਗੁਰੂ ਜੀ ਦੇ ਅੰਤਮ ਸਾਲਾਂ ਦੀਆਂ ਰਚਨਾਵਾਂ ਹਨ ।

ਸਿਧ ਗੋਸਟਿ’ ਦੀ ਰਚਨਾ ਅਚਲ ਬਟਾਲੇ ਵਿਚ ਹੋਈ, ਜਿੱਥੇ ਕਿ ਸਿੱਧਾਂ ਨਾਲ ਗੋਸਟਿ ਉਚਾਰੀ । ‘ਜਪੁਜੀ’ ਦੀਆਂ ਪਉੜੀਆਂ ਦੇ ਭਿੰਨ – ਭਿੰਨ ਥਾਂਵਾਂ ‘ਤੇ ਉਚਾਰੇ ਜਾਣ ਦਾ ਅਨੁਮਾਨ ਲਾਇਆ ਜਾਂਦਾ ਹੈ ।

ਨਾਮਿਆਂ ਦੀ ਰਚਨਾ ਪੱਛਮ ਦੀ ਉਦਾਸੀ ਸਮੇਂ ਹੋਈ, ਕਿਉਂਕਿ ਇਹ ਕਾਵਿ – ਭੇਦ ਫ਼ਾਰਸੀ ਤੋਂ ਲਿਆ ਗਿਆ ਹੈ । ਜਪੁਜੀ, ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਮਹਾਨ ਰਚਨਾ ਹੈ । ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਮਹਾਨ ਦਰਜਾ ਇਸ ਨੂੰ ਹੀ ਪ੍ਰਾਪਤ ਹੈ । ਇਸ ਦੇ ਆਰੰਭ ਵਿਚ ਆਉਂਦੇ ਮੂਲ – ਮੰਤਰ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਗਿਆ ਹੈ ।

ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇਕ ਤਰ੍ਹਾਂ ਨਾਲ ਇਸੇ ਮੂਲ – ਮੰਤਰ ਦੀ ਹੀ ਵਿਆਖਿਆ ਹੈ । ‘ਜਪੁਜੀ’ ਗੁਰਸਿੱਖਾਂ ਦੇ ਨਿਤਨੇਮ ਦੀ ਮੁੱਖ ਬਾਣੀ ਹੈ । ਇਸ ਵਿਚ ਗੁਰਮਤਿ ਸਿਧਾਂਤ ਨੂੰ ਪੂਰਨ ਰੂਪ ਵਿਚ ਪੇਸ਼ ਕੀਤਾ ਹੈ । ਸੰਖੇਪਤਾ ਇਸ ਦਾ ਵੱਡਾ ਗੁਣ ਹੈ ।

ਆਸਾ ਦੀ ਵਾਰ’ ਗੁਰੂ ਸਾਹਿਬ ਦੀ ਦੂਜੀ ਮਹਾਨ ਕਿਰਤ ਹੈ । ਇਸ ਨਾਲ ਗੁਰੂ ਜੀ ਨੇ ਅਧਿਆਤਮਿਕ ਵਾਰਾਂ ਦੀ ਪ੍ਰਥਾ ਚਲਾਈ । ਗੁਰੂ ਜੀ ਨੇ ਇਹ ਕੰਮ ਦੇਸ਼ – ਵਾਸੀਆਂ ਨੂੰ ਆਤਮਿਕ ਤੇ ਆਚਰਨਿਕ ਪੱਧਰ ‘ਤੇ ਸੂਰਬੀਰ ਬਣਾਉਣ ਲਈ ਕੀਤਾ । ਇਸ ਦੀਆਂ 24 ਪਉੜੀਆਂ ਹਨ ਤੇ ਉਨ੍ਹਾਂ ਦੇ ਨਾਲ – ਨਾਲ ਸਲੋਕ ਦਿੱਤੇ ਗਏ ਹਨ ।

ਸਲੋਕਾਂ ਤੇ ਪਉੜੀਆਂ ਦਾ ਵਿਸ਼ੇ ਦੇ ਪੱਖੋਂ ਡੂੰਘਾ ਸੰਬੰਧ ਹੈ । ਇਹ ਸਾਹਿਤਕ ਪੱਖੋਂ ਵੀ ਮਹਾਨ ਰਚਨਾ ਹੈ । ਵਿਚਾਰਾਂ ਦੀ ਸਾਰਥਕਤਾ, ਸਮਾਜਿਕ ਕੀਮਤਾਂ ਦੀ ਸ਼ੁੱਧੀ, ਕਾਟਵੀਂ ਤਿੱਖੀ ਸ਼ੈਲੀ, ਸਾਦੀ ਤੇ ਸਪੱਸ਼ਟ ਬੋਲੀ, ਜ਼ੋਰਦਾਰ ਲਿਖਣ – ਢੰਗ ਆਦਿ ਇਸ ਵਾਰ ਦੀਆਂ ਵਿਸ਼ੇਸ਼ਤਾਈਆਂ ਹਨ।

ਸਿੱਧ ਗੋਸਟਿ’ ਗੁਰੂ ਸਾਹਿਬ ਦੀ ਪ੍ਰਸਿੱਧ ਰਚਨਾ ਹੈ, ਜੋ ਅਚਲ ਬਟਾਲੇ ਦੇ ਮੇਲੇ ਵਿਚ ਗੁਰੂ ਜੀ ਦੇ ਜੋਗੀਆਂ ਨਾਲ ਹੋਏ ਵਿਚਾਰ – ਵਟਾਂਦਰੇ ਦਾ ਬਿਓਰਾ ਹੈ । ਇਹ ਇਕ ਬੌਧਿਕ ਰਚਨਾ ਹੈ । ਜੀਵਨ ਨੂੰ ਉੱਚਾ ਉਠਾਉਣਾ ਇਸ ਰਚਨਾ ਦਾ ਮੁੱਖ ਆਸ਼ਾ ਹੈ ।

ਬਾਰਹਮਾਹ ਤੁਖ਼ਾਰੀ ਕੁਦਰਤ ਵਰਣਨ ਅਤੇ ਪ੍ਰਭੂ – ਪ੍ਰੇਮ ਭਰਪੂਰ ਕਾਵਿ ਹੈ । ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੀ ਬਾਣੀ 19 ਰਾਗਾਂ ਵਿਚ ਮਿਲਦੀ ਹੈ । ਕੁੱਝ ਸ਼ਬਦ ਰਾਗਾਂ ਤੋਂ ਬਾਹਰੇ ਵੀ ਹਨ ।

ਗੁਰੂ ਜੀ ਦੀਆਂ ਰਚਨਾਵਾਂ ਦੀ ਬੋਲੀ

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਾਨੂੰ ਕਈ ਬੋਲੀਆਂ ਦੀ ਵਰਤੋਂ ਮਿਲਦੀ ਹੈ ਦੇਸ਼ਾਂ – ਦੇਸ਼ਾਂਤਰਾਂ ਵਿਚ ਘੁੰਮਣ ਕਰਕੇ ਉਨ੍ਹਾਂ ਦੀ ਰਚਨਾ ਵਿਚ ਕਈ ਇਲਾਕਿਆਂ ਤੇ ਬੋਲੀਆਂ ਦੇ ਸ਼ਬਦ – ਰੂਪ ਮਿਲਦੇ ਹਨ । ਗੁਰੂ ਜੀ ਜਿੱਥੇ ਵੀ ਗਏ; ਉਨ੍ਹਾਂ ਉੱਥੋਂ ਦੇ ਵਸਨੀਕਾਂ ਦੀ ਸਮਝ ਵਿਚ ਆਉਣ ਵਾਲੀ ਬੋਲੀ ਵਿਚ ਗੱਲ – ਬਾਤ ਕੀਤੀ ।

ਉਨ੍ਹਾਂ ਦੀ ਰਚਨਾ ਫ਼ਾਰਸੀ ਵਿਚ ਵੀ ਮਿਲਦੀ ਹੈ । ਆਪਣੇ ਵਿਚਾਰਾਂ ਨੂੰ ਪੰਡਤਾਂ ਦੇ ਸਾਹਮਣੇ ਸਪੱਸ਼ਟ ਕਰਨ ਲਈ ਉਨ੍ਹਾਂ ਨੇ ਇਕ ਸਹਸਕ੍ਰਿਤੀ ਸਲੋਕ ਉਚਾਰਿਆ, ਜੋ ‘ਆਸਾ ਦੀ ਵਾਰ‘ ਵਿਚ ਮਿਲਦਾ ਹੈ, ਵੇਖੋ ਨਮੂਨਾ

ਪੜਿ ਪੁਸਤਕ ਸੰਧਿਆ ਬਾਦੰ । ਸਿਲ ਪੂਜਸਿ ਬਗਲੁ ਸਮਾਧੰ । 
ਮੁਖਿ ਝੂਠ ਬਿਭੂਖਣ ਸਾਰੰ । ਤ੍ਰੈਪਾਲ ਤਿਹਾਲ ਬਿਚਾਰੰ । 
ਗਲਿ ਮਾਲਾ ਤਿਲਕੁ ਲਿਲਾਟੰ । ਦੁਈ ਧੋਤੀ ਬਸਤ੍ਰ ਕਪਾਟੰ ਜੇ ਜਾਣਸਿ ਬ੍ਰਹਮੰ ਕਰਮੰ । ਸਭਿ ਫੋਕਟ ਨਿਸਚਉ ਕਰਮੰ ।
ਕਹੁ ਨਾਨਕ ਨਿਹਚਉ ਧਿਆਵੈ ਵਿਣੁ ਸਤਿਗੁਰੂ ਵਾਟ ਨ ਪਾਵੈ ।

ਸਹਸਕ੍ਰਿਤੀ ਸੰਸਕ੍ਰਿਤ ਨਹੀਂ ਹੈ, ਸਗੋਂ ਇਸ ਵਿਚ ਸੰਸਕ੍ਰਿਤ ਦੇ ਵਿਸਰਗਾਂ ਅਤੇ ਅਨੁਸਵਰਾਂ ਦੀ ਵਰਤੋਂ ਕਰ ਕੇ ਤਦਭਵ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ।

ਗੁਰੂ ਨਾਨਕ ਦੇਵ ਜੀ ਦੀ ਪੰਜਾਬ ਤੋਂ ਬਾਹਰ ਭਾਰਤ ਦੇ ਲੋਕਾਂ ਪ੍ਰਤੀ ਉਚਾਰਨ ਕੀਤੀ ਹੋਈ ਬਾਣੀ ਦੀ ਬੋਲੀ ਸੰਤ – ਭਾਸ਼ਾ ਹੈ, ਪਰ ਗੁਰੂ ਜੀ ਦੀ ਆਪਣੀ ਇਲਾਕਾਈ ਭਾਸ਼ਾ ਦਾ ਇਸ ਦੇ ਉੱਤੇ ਪ੍ਰਤੱਖ ਅਸਰ ਵਿਖਾਈ ਦਿੰਦਾ ਹੈ; ਦੇਖੋ ਨਮੂਨਾ

ਸੁੰਨ ਕਲਾ ਅਪਰੰਪਰਿ ਧਾਰੀ । ਆਪਿ ਨਿਰਾਲਮੁ ਅਪਰ ਅਪਾਰੀ ।
ਆਪੇ ਕੁਦਰਤਿ ਕਰਿ-ਕਰਿ ਦੇਖੋ ਸੁੰਨਹੁ ਸੁੰਨ ਉਪਾਇਦਾ ।

ਮੁਸਲਮਾਨੀ ਰਾਜ ਹੋਣ ਕਰਕੇ ਪੰਜਾਬੀ ਉੱਤੇ ਮੁਸਲਮਾਨੀ ਭਾਸ਼ਾਵਾਂ ਅਰਬੀ ਅਤੇ ਫ਼ਾਰਸ਼ੀ ਦਾ ਪ੍ਰਭਾਵ ਪੈਣਾ ਜ਼ਰੂਰੀ ਸੀ । ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿਚ ਵੀ ਅਰਬੀ ਅਤੇ ਫ਼ਾਰਸੀ ਦਾ ਪ੍ਰਭਾਵ ਕਾਫ਼ੀ ਹੈ ।

ਪੱਛਮ ਦੀ ਉਦਾਸੀ ਦੀਆਂ ਰਚਨਾਵਾਂ ਵਿਚ ਇਹ ਬਹੁਤ ਹੀ ਉੱਘੜਵਾਂ ਹੈ । ‘ਰਾਗ ਤਿਲੰਗ’ ਵਿਚ ਇਕ ਸ਼ਬਦ ਫ਼ਾਰਸੀ ਵਿਚ ਵੀ ਮਿਲਦਾ ਹੈ, ਪਰ ਇਹ ਫ਼ਾਰਸੀ ਆਮ ਲੋਕਾਂ ਦੀ ਭਾਸ਼ਾ ਹੈ; ਦੇਖੋ ਨਮੂਨਾ

ਯਕ ਅਰਜ਼ ਗੁਫ਼ਤਮ ਪੇਸਿ ਤੋਂ ਦਰ ਗੋਸ ਕੁਨ ਕਰਤਾਰ ।
ਹਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ ।
ਦੁਨੀਆ ਮੁਕਾਮੇ ਫ਼ਾਨੀ ਤਹਕੀਕ ਦਿਲ ਜਾਨੀ । 
ਮਮਸਰ ਮੂਇ ਅਜਰਾਈਲ ਗਿਰਫਤਾ ਤਿਲ ਹੇਚਿ ਨਦਾਨੀ ।

ਪੰਜਾਬ ਦੇ ਲੋਕਾਂ ਲਈ ਉਚਾਰਨ ਕੀਤੀ ਗੁਰੂ ਜੀ ਦੀ ਬਾਣੀ ਪੰਜਾਬੀ ਵਿਚ ਮਿਲਦੀ ਹੈ । ‘ਆਦਿ ਗ੍ਰੰਥ’ ਵਿਚ ਆਈਆਂ ਗੁਰੂ ਜੀ ਦੀਆਂ ਲੰਬੀਆਂ ਬਾਣੀਆਂ ਵਿਚੋਂ ‘ਜਪੁਜੀ’, ‘ਵਾਰਾਂ’ (ਆਸਾ, ਮਾਝ ਅਤੇ ਮਲ੍ਹਾਰ ਰਾਗ ਵਿਚ) ਅਤੇ ‘ਬਾਰਹਮਾਹ ਰਾਗ ਤੁਖ਼ਾਰੀ ਪੰਜਾਬੀ ਵਿਚ ਹਨ; ਦੇਖੋ ਨਮੂਨਾ

ਵਾਰਾ (ਆਸਾ, ਮਾਝ ਅ

ਸੋਚੇ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ।
ਚੁਪੇ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ।
ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ । 
ਸਹਸ ਸਿਆਣਪਾ ਲਖ ਹੋਹਿ ਤ ਇਕ ਨਾ ਚਲੈ ਨਾਲ । 
ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੇ ਪਾਲਿ । 
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ।

ਗੁਰੂ ਨਾਨਕ ਕਾਲ ਦੀ ਪੰਜਾਬੀ ਉੱਤੇ ਲਹਿੰਦੀ ਪੰਜਾਬੀ ਦਾ ਵੀ ਕਾਫ਼ੀ ਪ੍ਰਭਾਵ ਦਿਸ ਪੈਂਦਾ ਹੈ । ਗੁਰੂ ਨਾਨਕ ਦੇਵ ਜੀ ਕੇਵਲ ਲਹਿੰਦੀ ਸ਼ਬਦਾਵਲੀ ਤੋਂ ਪ੍ਰਭਾਵਿਤ ਹੀ ਨਹੀਂ ਹੋਏ , ਸਗੋਂ ਉਨ੍ਹਾਂ ਨੇ ਲਹਿੰਦੀ ਵਿਚ ਰਚਨਾ ਵੀ ਕੀਤੀ ਹੈ ; ਉਦਾਹਰਨ ਵਜੋਂ—

ਝੜ ਝਖੜ ਉਹਾਤ ਲਹਰੀ ਵਹਨਿ ਲਖੇਬਰੀ I 
ਸਤਿਗੁਰ ਸਿਉ ਅਲਾਹਿ ਬੇੜੇ ਡੁਬਣਿ ਨਾਹਿ ਭਉ ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਬਦ – ਭੰਡਾਰ ਵਿਚ ਸੰਸਕ੍ਰਿਤ , ਪ੍ਰਾਕ੍ਰਿਤ , ਅਪਭ੍ਰੰਸ਼ , ਪੂਰਬੀ ਪੰਜਾਬੀ , ਲਹਿੰਦੀ , ਸੰਤ – ਭਾਸ਼ਾ , ਅਰਬੀ ਤੇ ਫ਼ਾਰਸੀ ਦੇ ਸ਼ਬਦ ਮੌਜੂਦ ਹਨ । ਸੰਸਕ੍ਰਿਤ ਤੇ ਫ਼ਾਰਸੀ – ਅਰਬੀ ਦੇ ਸ਼ਬਦ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿਚ ਵਰਤੇ ਹਨ ।

ਕਾਗਦ , ਹਾਦਰਾ ਹਦੂਰ , ਦਿਵਾਲ , ਦੋਜਕ , ਦੀਬਾਣ , ਗਲੋਲਾ ਆਦਿ ਸ਼ਬਦ ਅਰਬੀ – ਫ਼ਾਰਸੀ ਦੇ ਤਦਭਵ ਹਨ । ਦਾਨਾ – ਬੀਨਾ , ਨਦਰ – ਕਰਮ , ਕਰਨ – ਕਾਰਨ , ਰਾਜ – ਮਾਲ , ਜੁਗਾ – ਜੁਗੰਤਰ , ਅੰਧ – ਗੁਬਾਰ , ਥਾਨ – ਥਨੰਤਰ , ਸੰਜੋਗ , ਨਿਸਬਾਸਰ ਆਦਿ ਸਮਾਸ ਸੰਸਕ੍ਰਿਤ ਅਰਬੀ , ਫ਼ਾਰਸੀ ਆਦਿ ਦੇ ਤਦਭਵ ਸ਼ਬਦਾਂ ਦੇ ਮੇਲ ਤੋਂ ਬਣੇ ਹਨ ।

ਗੁਰੂ ਜੀ ਦੀ ਸ਼ਬਦਾਵਲੀ ਕਈ ਧਰਮਾਂ ਦੇ ਸ਼ਬਦ – ਭੰਡਾਰਾਂ ਨਾਲ ਸੰਬੰਧਿਤ ਹੈ । ਉਨ੍ਹਾਂ ਨੇ ਬੋਧੀਆਂ , ਜੈਨੀਆਂ , ਵੈਸ਼ਨਵਾਂ , ਸ਼ੈਵਾਂ , ਮੁਸਲਮਾਨਾਂ , ਜੋਗੀਆਂ , ਸਾਕਤਕਾਂ ਆਦਿ ਦੇ ਸ਼ਬਦ ਵਰਤ ਕੇ ਸਮਕਾਲੀ ਦਰਸ਼ਨ ਅਤੇ ਚਿੰਤਨ ਨੂੰ ਪ੍ਰਗਟ ਕੀਤਾ ਹੈ ।

ਸਮਕਾਲੀ ਸਮਾਜਿਕ , ਧਾਰਮਿਕ ਤੇ ਰਾਜਨੀਤਿਕ ਅਵਸਥਾ ਦਾ ਚਿਤਰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਧਿਆਤਮਿਕ ਦੇ ਨਾਲ – ਨਾਲ ਸਮਾਜਿਕ ਤੇ ਰਾਜਸੀ ਚੇਤਨਾ ਨਾਲ ਵੀ ਭਰਪੂਰ ਹੈ ।

ਗੁਰੂ ਜੀ ਅਨੁਸਾਰ ਵਿਅਕਤੀ ਉਦੋਂ ਹੀ ਆਤਮਿਕ ਤੌਰ ‘ ਤੇ ਉੱਚਾ ਹੋ ਸਕਦਾ ਹੈ , ਜਦੋਂ ਉਹ ਆਲੇ – ਦੁਆਲੇ ਦੇ ਮਸਲਿਆਂ ਤੋਂ ਬੇਪਰਵਾਹ ਹੋ ਜਾਵੇ ਤੇ ਆਰਥਿਕ ਸੰਕਟ ਅਤੇ ਰਾਜਸੀ ਜ਼ਬਰ ਤੋਂ ਮੁਕਤ ਹੋ ਜਾਏ ।

ਇਸ ਲਈ ਗੁਰੂ ਜੀ ਨੇ ਜਾਤ ਅਤੇ ਜਨਮ ਦੇ ਵਿਤਕਰਿਆਂ ਵਿਰੁੱਧ ਅਵਾਜ਼ ਉਠਾਈ । ਸਮਕਾਲੀ ਰਾਜਿਆਂ ਤੇ ਉਨ੍ਹਾਂ ਦੇ ਅਧਿਕਾਰੀਆਂ ਦੇ ਜ਼ੁਲਮਾਂ ਨੂੰ ਗੁਰੂ ਜੀ ਨੇ ਹੇਠ ਲਿਖੀਆਂ ਸਤਰਾਂ ਵਿਚ ਪੇਸ਼ ਕੀਤਾ ਹੈ ।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ (ਉਪਦੇਸ਼)

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਦਾ, ਪਰ ਪ੍ਰਭਾਵਸ਼ਾਲੀ ਸਨ —

  • ਗੁਰੂ ਜੀ ਅਨੁਸਾਰ ਪਰਮਾਤਮਾ ਇਕ ਹੈ ।
  • ਉਹ ਇਸ ਸੰਸਾਰ ਦਾ ਰਚਣਹਾਰ , ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ ।
  • ਉਹ ਨਿਰਾਕਾਰ ਅਤੇ ਸਰਵਵਿਆਪਕ ਹੈ ।
  • ਉਨ੍ਹਾਂ ਅਨੁਸਾਰ ਮਾਇਆ ਮਨੁੱਖ ਦੇ ਰਸਤੇ ਵਿਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ ।
  • ਹਉਮੈ ਮਨੁੱਖ ਦੇ ਸਭ ਦੁੱਖਾਂ ਦਾ ਮੂਲ ਕਾਰਨ ਹੈ ।
  • ਗੁਰੂ ਜੀ ਨੇ ਜਾਤ ਪ੍ਰਥਾ ਅਤੇ ਖੋਖਲੇ ਰੀਤੀ – ਰਿਵਾਜਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਗੁਰੂ ਜੀ ਨੇ ਇਸਤਰੀਆਂ ਨੂੰ ਸਮਾਜ ਵਿਚ ਸਨਮਾਨ ਯੋਗ ਸਥਾਨ ਦੇਣ ਲਈ ਆਵਾਜ਼ ਉਠਾਈ ।
  • ਉਨ੍ਹਾਂ ਨੇ ਨਾਮ ਜਪਣ ‘ ਤੇ ਖ਼ਾਸ ਜ਼ੋਰ ਦਿੱਤਾ ।
  • ਉਨ੍ਹਾਂ ਨੇ ਗੁਰੂ ਨੂੰ ਮੁਕਤੀ ਤਕ ਲੈ ਜਾਣ ਵਾਲੀ ਅਸਲ ਪੌੜੀ ਦੱਸਿਆ।

ਜੋਤੀ – ਜੋਤੀ ਸਮਾਉਣਾ

ਗੁਰੂ ਨਾਨਕ ਦੇਵ ਜੀ 22 ਸਤੰਬਰ , 1539 ਈ : ਨੂੰ ਜੋਤੀ – ਜੋਤ ਸਮਾ ਗਏ । ਜੋਤੀ – ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।

ਕੀ ਗੁਰੂ ਨਾਨਕ ਦੇਵ ਜੀ ਇਕ ਕ੍ਰਾਂਤੀਕਾਰੀ ਸਨ ਜਾਂ ਸਮਾਜ-ਸੁਧਾਰਕ ?

ਕੁਝ ਇਤਿਹਾਸਕਾਰ ਗੁਰੂ ਨਾਨਕ ਦੇਵ ਜੀ ਨੂੰ ਇਕ ਕ੍ਰਾਂਤੀਕਾਰੀ ਮੰਨਦੇ ਹਨ ਅਤੇ ਕੁਝ ਸੁਧਾਰਕ ਮੰਨਦੇ ਹਨ – ਗੁਰੂ ਜੀ ਨੂੰ ਕ੍ਰਾਂਤੀਕਾਰੀ ਮੰਨਣ ਵਾਲੇ ਇਤਿਹਾਸਕਾਰਾਂ ਦੀ ਦਲੀਲਾਂ ਹਨ ਕਿ

  • ਗੁਰੂ ਜੀ ਹਿੰਦੂ ਦੇਵੀ – ਦੇਵਤਿਆਂ ਦੀ ਪੂਜਾ ਦੇ ਵਿਰੁੱਧ ਸਨ ।
  • ਉਹ ਮੂਰਤੀ ਪੂਜਾ ਦਾ ਖੰਡਨ ਕਰਦੇ ਸਨ ।
  • ਉਹ ਜਾਤ – ਪਾਤ -ਉਨ੍ਹਾਂ ਨੇ ਸਮਾਜ ਵਿਚ ਸੰਗਤ , ਪੰਗਤ ਦਾ ਵਿਰੋਧ ਕਰਦੇ ਸਨ ।
  • ਉਹ ਤਤਕਾਲੀ ਰੀਤੀ – ਰਿਵਾਜਾਂ ਦੇ ਵਿਰੁੱਧ ਸਨ ।
  • ਗੁਰਗੱਦੀ ਆਦਿ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ।

ਗੁਰੂ ਜੀ ਨੂੰ ਸੁਧਾਰਕ ਮੰਨਣ ਵਾਲੇ ਇਤਿਹਾਸਕਾਰਾਂ ਦੀ ਦਲੀਲਾਂ ਹਨ ਕਿ

  • ਗੁਰੂ ਜੀ ਨੇ ਕਦੇ ਵੀ ਦੇਵੀ – ਦੇਵਤਿਆਂ ਦਾ ਨਿਰਾਦਰ ਨਹੀਂ ਕੀਤਾ ।
  • ਉਹ ਜਾਤੀ ਅਭਿਮਾਨ ਦੇ ਵਿਰੁੱਧ ਸਨ ਨਾ ਕਿ ਜਾਤ ਪ੍ਰਥਾ ਦੇ ।
  • ਉਹ ਧਾਰਮਿਕ ਗ੍ਰੰਥਾਂ ਦੀਆਂ ਸਿੱਖਿਆਵਾਂ ਨੂੰ ਵਿਵਹਾਰ ਵਿਚ ਨਾ ਲਿਆਉਣ ਵਾਲਿਆਂ ਦੇ ਵਿਰੁੱਧ ਸਨ ।
  • ਉਨ੍ਹਾਂ ਦੁਆਰਾ ਪ੍ਰਚਲਿਤ ਸੰਸਥਾਵਾਂ ਸਮਾਜ ਲਈ ਨਵੀਆਂ ਨਹੀਂ ਸਨ ।

FAQs

ਸਿੱਖ ਧਰਮ ਦੇ ਮੋਢੀ ਕੌਣ ਸਨ ?
ਗੁਰੂ ਨਾਨਕ ਦੇਵ ਜੀ।
ਤਲਵੰਡੀ ਦਾ ਪਹਿਲਾ ਨਾਂ ਕੀ ਸੀ ?
ਰਾਇਪੁਰ।
ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨ?
ਪਿੰਡ ਚਾਹਲ, ਜ਼ਿਲਾ ਤੇ ਤਹਿਸੀਲ ਲਾਹੌਰ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੂਰਜ ਵੱਲ ਮੂੰਹ ਕਰਕੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹੋਏ ਕਿੱਥੇ ਦੇਖਿਆ?
ਹਰੀਦੁਆਰ ।
ਗੁਰੂ ਨਾਨਕ ਦੇਵ ਜੀ ਨੇ ਕਿਹੜੀ ਰੀਤਿ ਚਲਾਈ?
ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਿੰਨੇ ਰਾਗ ਹਨ?
19 ਰਾਗ ।
ਹੇਠ ਲਿਖੀਆਂ ਵਿੱਚੋਂ ਕਿਹੜੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ?
ਆਸਾ ਦੀ ਵਾਰ, ਜਪੁਜੀ ਸਾਹਿਬ, ਸਿੱਧ ਗੋਸ਼ਠੀ, ਸੁਚੱਜੀ-ਕੁਚੱਜੀ, ਬਾਰਾਂਮਾਹ – ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਹਨ।
ਗੁਰੂ ਨਾਨਕ ਦੇਵ ਜੀ ਦੇ ਭਣੋਈਏ ਦਾ ਨਾਂ ਸੀ?
ਜੈ ਰਾਮ ।
ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ?
22 ਸਤੰਬਰ, 1539 ਈ: ।

ਇਹ ਵੀ ਪੜ੍ਹੋ-

Leave a Comment

Your email address will not be published. Required fields are marked *

Scroll to Top