ਪੰਜਾਬੀ ਸੱਭਿਆਚਾਰ ਪਰਿਵਰਤਨ ਲੇਖ | changes in punjabi culture in punjabi
ਪੰਜਾਬੀ ਸੱਭਿਆਚਾਰ ਪਰਿਵਰਤਨ ਕੀ ਹੈ?
ਸੱਭਿਆਚਾਰ ਇੱਕ ਵਗਦਾ ਦਰਿਆ ਹੈ । ਇਸ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ । ਇਸ ਪਰਿਵਰਤਨ ਦੇ ਬਹੁਤ ਸਾਰੇ ਅੰਦਰਲੇ ਅਤੇ ਬਾਹਰਲੇ ਕਾਰਨ ਹੁੰਦੇ ਹਨ । ਸੱਭਿਆਚਾਰ ਜੀਵਨ – ਜਾਚ ਹੈ । ਜੀਵਨ ਜਾਚ ਦੇ ਆਧਾਰ ਪੈਦਾਵਾਰੀ ਸਾਧਨਾਂ , ਸ਼ਕਤੀਆਂ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ । ਕਈ ਵਾਰ ਸੱਭਿਆਚਾਰ ਦੂਸਰੇ ਸੱਭਿਆਚਾਰਾਂ ਦੇ ਪ੍ਰਭਾਵ ਅਧੀਨ ਵੀ ਤਬਦੀਲ ਹੋ ਜਾਂਦਾ ਹੈ ਸੱਭਿਆਚਾਰ ਦਾ ਮਨੁੱਖੀ ਇਤਿਹਾਸ ਨਾਲ ਗੂੜਾ ਸੰਬੰਧ ਹੁੰਦਾ ਹੈ ਅਤੇ ਇਸ ਦੀਆਂ ਪਰੰਪਰਾਵਾਂ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ ।
ਹਰ ਸੱਭਿਆਚਾਰ ਸਮੇਂ ਨਾਲ ਵੇਲਾ ਵਿਹਾ ਚੁੱਕੇ ਰਸਮ – ਰਿਵਾਜ , ਵਿਸ਼ਵਾਸ , ਸੁਹਜ ਸੁਆਦ ਅਤੇ ਕੰਮਾਂ – ਕਾਰਾਂ ਨੂੰ ਛੱਡਦਾ ਜਾਂਦਾ ਹੈ ਅਤੇ ਨਵੀਂਆਂ ਲੋੜਾਂ ਅਨੁਸਾਰ ਨਵੀਂਆਂ ਕਦਰਾਂ – ਕੀਮਤਾਂ ਨੂੰ ਉਸਾਰਦਾ ਹੋਇਆ ਨਵੀਂਆਂ ਕਲਾਵਾਂ ਦੀ ਸਿਰਜਣਾ ਕਰਦਾ ਰਹਿੰਦਾ ਹੈ । ਇਹ ਕੁਝ ਆਮ ਕਰਕੇ ਸਹਿਜ ਅਤੇ ਅਵਚੇਤਨੀ ਪੱਧਰ ਉੱਪਰ ਵਾਪਰਦਾ ਰਹਿੰਦਾ ਹੈ । ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼ ਤਰਾਰ ਆਵਾਜਾਈ ਅਤੇ ਸੰਚਾਰ – ਸਾਧਨ ਵਿਕਸਤ ਹੋ ਜਾਣ ਨਾਲ ਸੱਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ ।
ਇਸ ਤਬਦੀਲੀ ਪ੍ਰਤਿ ਮੁੱਖ ਤੌਰ ‘ ਤੇ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ । ਇੱਕ ਵਿਚਾਰ ਅਨੁਸਾਰ ਇਹ ਤਬਦੀਲੀਆਂ ਨਕਾਰਾਤਮਿਕ ਹਨ । ਦੂਸਰੇ ਵਿਚਾਰ ਅਨੁਸਾਰ ਨਵੀਂਆਂ ਤਬਦੀਲੀਆਂ ਸਕਾਰਾਤਮਿਕ ਹਨ । ਜਿੱਥੇ ਪਹਿਲੇ ਵਿਚਾਰ ਦੇ ਧਾਰਨੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਡਿਆਉਂਦੇ ਹਨ ਤੇ ਅਜੋਕੇ ਸੱਭਿਆਚਾਰ ਨੂੰ ਛੁਟਿਆਉਂਦੇ ਹਨ , ਉੱਥੇ ਨਵੇਂ ਸੱਭਿਆਚਾਰ ਦੇ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ । ਅਸਲ ਵਿੱਚ ਸਾਨੂੰ ਆਪਣੇ ਸੱਭਿਆਚਾਰ ਦੀਆਂ ਕਦਰਾਂ – ਕੀਮਤਾਂ , ਰੁਚੀਆਂ , ਕਲਾਵਾਂ ਅਤੇ ਕੰਮ – ਧੰਦਿਆਂ ਬਾਰੇ ਹਰ ਸਮੇਂ ਚੇਤੰਨ ਪੱਧਰ ‘ ਤੇ ਸੋਚ – ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ।
ਪੰਜਾਬੀ ਸੱਭਿਆਚਾਰਿਕ ਪਰਿਵਰਤਨਾਂ ਦੇ ਮੁੱਖ ਕਾਰਨ | Changes in Punjabi Culture in Punjabi
![Changes in Punjabi Culture](https://panjab.co.in/wp-content/uploads/2024/07/Changes-in-Punjabi-Culture-1024x576.jpg)
ਪੰਜਾਬੀ ਸੱਭਿਆਚਾਰਿਕ ਪਰਿਵਰਤਨਾਂ ਦੇ ਮੁੱਖ ਕਾਰਨ ਦਾ ਵਿਸਥਾਰਪੂਰਵਕ ਵਰਣਨ ਹੇਠ ਲਿਖੇ ਅਨੁਸਾਰ ਹੈ-
ਜਾਗੀਰਦਾਰੀ ਪ੍ਰਬੰਧ ਵਿੱਚ ਮਰਦ ਦੇ ਮਹੱਤਵ
ਖੇਤੀ – ਬਾੜੀ ਆਧਾਰਿਤ ਜਗੀਰਦਾਰੀ ਪ੍ਰਬੰਧ ਮਰਦਾਵਾਂ ਹੁੰਦਾ ਸੀ ਅਤੇ ਉਸ ਵਿੱਚ ਕੁੜੀ ਦੇ ਮੁਕਾਬਲੇ ਮੁੰਡੇ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ । ਪੁਰਾਣੇ ਪੰਜਾਬੀ ਸੱਭਿਆਚਾਰ ਦਾ ਸਾਰਾ ਹੀ ਕਾਰ – ਵਿਹਾਰ , ਰੰਗ – ਢੰਗ , ਗੀਤ – ਸੰਗੀਤ ਕੁੜੀਆਂ ਨੂੰ ਦਬਾਉਣ ਅਤੇ ਮੁੰਡਿਆਂ ਨੂੰ ਉਚਿਆਉਣ ਵਾਲਾ ਸੀ । ਭਾਰੂ ਪੰਜਾਬੀ ਸੱਭਿਆਚਾਰ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਰਿਹਾ । ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ ਸੀ ।
ਪਹਿਰਾਵੇ ਵਿੱਚ ਪਰਿਵਰਤਨ
ਆਧੁਨਿਕਤਾ ਦੇ ਆਉਣ ਨਾਲ ਕੁੜੀਆਂ ਪੜ੍ਹਨ – ਲਿਖਣ ਲੱਗੀਆਂ , ਨੌਕਰੀ ਕਰਨ ਲੱਗੀਆਂ ਤੇ ਉਹਨਾਂ ਨੇ ਪਰਦੇ ਵਿੱਚ ਰਹਿਣ ਅਤੇ ਘੁੰਡ ਕੱਢ ਕੇ ਰੱਖਣ ਦੀ ਰੀਤ ਨੂੰ ਛੱਡ ਦਿੱਤਾ । ਹੌਲੀ – ਹੌਲੀ ਉਹ ਰਵਾਇਤੀ ਪੰਜਾਬੀ ਪਹਿਰਾਵਾ ਘੱਗਰਾ , ਕੁੜਤੀ , ਚਾਦਰ ਦੀ ਥਾਂਵੇਂ ਸਲਵਾਰ – ਕਮੀਜ਼ , ਚੁੰਨੀ ਪਹਿਨਣ ਲੱਗੀਆਂ । ਪੱਛਮੀ ਪ੍ਰਭਾਵ ਅਧੀਨ ਕੁੜੀਆਂ ਹੌਲੀ – ਹੌਲੀ ਜੀਨ – ਟੌਪ ਤੇ ਸਕਰਟ – ਟੌਪ ਪਹਿਨਣ ਲੱਗੀਆਂ ਹਨ । ਬਿਨਾਂ ਸ਼ੱਕ ਇਹ ਕੇਵਲ ਪਹਿਰਾਵੇ ਦੀ ਤਬਦੀਲੀ ਨਹੀਂ ਹੈ ਇਹ ਵਿਚਾਰਾਂ ਦੀ ਤਬਦੀਲੀ ਵੀ ਹੈ ਅੱਜ ਅਸੀਂ ਕਿਸੇ ਨਵੀਂ ਵਿਆਹੀ ਕੁੜੀ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਆਪਣੇ ਹੀ ਸਹੁਰੇ ਪਰਿਵਾਰ ਦੇ ਜੀਆਂ ਤੋਂ ਘੁੰਡ ਕੱਢੇ ।
ਪਹਿਰਾਵਾ ਭਾਵੇਂ ਵਿਅਕਤੀਗਤ ਮਾਮਲਾ ਹੈ ਪਰ ਇਸ ਦੇ ਬਾਵਜੂਦ ਇਹ ਯੋਗ ਵੀ ਨਹੀਂ ਜਾਪਦਾ ਕਿ ਕੋਈ ਜਨਤਿਕ ਥਾਂਵਾਂ ‘ ਤੇ ਅੱਧ – ਨੰਗਾ ਭੜਕਾਊ ਪਹਿਰਾਵਾ ਪਹਿਨੇ । ਅੱਜ ਪੰਜਾਬੀ ਸਮਾਜ ਵਿੱਚ ਲਹਿੰਗਾ – ਚੋਲੀ ਲੜਕੀ ਦੇ ਵਿਆਹ ਦੀ ਪ੍ਰਵਾਨਿਤ ਪੁਸ਼ਾਕ ਬਣਦੀ ਜਾ ਰਹੀ ਹੈ ਆਮ ਕੰਮ – ਕਾਰ ਅਤੇ ਪਰਿਵਾਰਿਕ ਸਮਾਗਮਾਂ ਵਿੱਚ ਲੜਕੀਆਂ ਸਲਵਾਰ – ਕਮੀਜ਼ ਪਹਿਨਦੀਆਂ ਹਨ ।
ਵਿਦਿਆਰਥੀ ਜੀਵਨ ਸਮੇਂ ਅਤੇ ਕੁਝ ਘਰਾਂ ਵਿੱਚ ਆਮ ਹਾਲਤਾਂ ਵਿੱਚ ਸੌਖੇ ਰਹਿਣ ਲਈ ਕੈਪਰੀਆਂ , ਹਾਫ ਪੈਂਟ , ਬਰਮੂਡੇ , ਸਕਰਟਾਂ ਆਦਿ ਵੀ ਪਹਿਨੀਆਂ ਜਾਂਦੀਆਂ ਹਨ । ਸਾਨੂੰ ਜਿੱਥੇ ਨਵੀਂ ਪੀੜ੍ਹੀ ਦੀ ਇਸ ਪਹਿਰਾਵਾ – ਤਬਦੀਲੀ ਨੂੰ ਪ੍ਰਵਾਨ ਕਰਨ ਦੀ ਜ਼ਰੂਰਤ ਹੈ ਉੱਥੇ ਆਪਣੇ ਰਵਾਇਤੀ ਪਹਿਰਾਵੇ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ ਪਰ ਰਵਾਇਤੀ ਪਹਿਰਾਵੇ ਦੇ ਨਾਂ ‘ ਤੇ ਕਿਸੇ ਵਿਅਕਤੀ ਦੇ ਜੀਵਨ – ਹੱਕ ਰੋਕ ਲਗਾਉਣੀ ਵੀ ਗ਼ਲਤ ਹੈ । ਇਹ ਗੱਲ ਮੁੰਡਿਆਂ ਦੇ ਪਹਿਰਾਵੇ ’ ਤੇ ਵੀ ਲਾਗੂ ਹੋਣੀ ਚਾਹੀਦੀ ਹੈ ।
ਅਜੋਕੀ ਤਬਦੀਲੀ ਵਿੱਚ ਮੰਡੀ ਦਾ ਵੱਡਾ ਯੋਗਦਾਨ ਹੈ ਕਿ ਬਜ਼ਾਰ ਵਿੱਚ ਵਿਦੇਸ਼ੀ ਰੈਡੀਮੇਡ ਕੱਪੜਿਆਂ ਦੀ ਭਰਮਾਰ ਹੈ ਅਤੇ ਪੰਜਾਬੀ ਕੱਪੜੇ ਘੱਟ ਮਿਲਦੇ ਹਨ । ਸਾਡੇ ਪੁਸ਼ਾਕ – ਨਿਰਮਾਤਾਵਾਂ ਨੂੰ ਸਾਡੇ ਸੁਹਜ – ਸੁਆਦਾਂ ਅਨੁਸਾਰ ਚੰਗੀਆਂ ਦੇਸੀ ਪੁਸ਼ਾਕਾਂ ਮਾਰਕੀਟ ਵਿੱਚ ਲਿਆਉਣੀਆਂ ਚਾਹੀਦੀਆਂ ਹਨ । ਅੱਜ ਮੰਡੀ ਦੇ ਯੁੱਗ ਵਿੱਚ ਵੱਡੀ ਜ਼ਿੰਮੇਵਾਰੀ ਸਾਡੇ ਫ਼ਿਲਮੀ ਸਿਤਾਰਿਆਂ , ਵੱਡੇ ਖਿਡਾਰੀਆਂ ਅਤੇ ਕਲਾਕਾਰਾਂ ਦੇ ਨਾਲ – ਨਾਲ ਕਾਰਖ਼ਾਨੇਦਾਰਾਂ ਦੀ ਵੀ ਬਣ ਜਾਂਦੀ ਹੈ ਕਿ ਉਹ ਖ਼ੁਦ ਕੀ ਪਹਿਨਦੇ ਹਨ ਅਤੇ ਕਿਸ ਨੂੰ ਉਤਸਾਹਿਤ ਕਰਦੇ ਹਨ ।
ਖਾਣ-ਪੀਣ ਸੰਬੰਧੀ ਪਰਿਵਰਤਨ
ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ – ਪੀਣ ਵਿੱਚ ਬਹੁਤ ਤਬਦੀਲੀ ਆਈ ਹੈ । ਪੰਜਾਬ ਦਾ ਰਵਾਇਤੀ ਖਾਣਾ ਦਾਲ , ਸਬਜ਼ੀ , ਸਾਗ , ਰੋਟੀ , ਖੀਰ – ਕੜਾਹ , ਮਿੱਠੇ ਚੌਲ ਅਤੇ ਮਠਿਆਈਆਂ ਵਿੱਚੋਂ ਲੱਡੂ , ਜਲੇਬੀਆਂ , ਸ਼ੱਕਰਪਾਰੇ , ਪੀਣ ਵਾਲੇ ਪਦਾਰਥਾਂ ਵਿੱਚ , ਲੱਸੀ , ਸ਼ਕੰਜਵੀ , ਸ਼ਰਬਤ , ਠੰਢਿਆਈ , ਸੱਤੂ ਆਦਿ ਦੀ ਥਾਂਵੇਂ ਪੀਜ਼ਾ , ਬਰਗਰ , ਹੌਟ – ਡੌਗ , ਚਾਕਲੇਟ , ਟਾਫ਼ੀਆਂ , ਕੋਲਡ ਡਰਿੰਕਸ ਆਦਿ ਦੀ ਵਰਤੋਂ ਵਧੀ ਹੈ । ਅਸਲ ਵਿੱਚ ਤਾਂ ਜਦੋਂ ਵੀ ਦੋ ਸੱਭਿਆਚਾਰਾਂ ਦੇ ਲੋਕ ਆਪਸ ਵਿੱਚ ਮਿਲਦੇ ਹਨ ਤਾਂ ਉਹਨਾਂ ਦਾ ਖਾਣ – ਪੀਣ ਸਾਂਝਾ ਹੋ ਜਾਂਦਾ ਹੈ । ਪੰਜਾਬ ਵਿੱਚ ਪਹਿਲਾਂ ਵੀ ਮਾਸ ਪਕਾਉਣ ਦੇ ਬਹੁਤੇ ਤਰੀਕੇ ਮੁਗ਼ਲਾਂ ਦੇ ਨਾਲ ਹੀ ਆਏ ਸਨ ।
ਰਸਗੁੱਲਾ ਬੰਗਾਲ ਤੋਂ ਆਇਆ , ਢੋਕਲਾ ਗੁਜਰਾਤ ਤੋਂ ਅਤੇ ਡੋਸਾ , ਸਾਂਬਰ , ਇਡਲੀ ਆਦਿ ਦੱਖਣ ਤੋਂ ਆਏ । ਇਹ ਦੁਨੀਆਂ ਜਦੋਂ ਇੱਕ ਪਿੰਡ ਬਣਨ ਜਾ ਰਹੀ ਹੈ ਤਾਂ ਸਾਰੇ ਤਰ੍ਹਾਂ ਦੇ ਖਾਣੇ ਸਾਰੀ ਦੁਨੀਆਂ ਵਿੱਚ ਹੀ ਮਿਲਨੇ ਹਨ ਅਤੇ ਵਾਰਿਸ ਸ਼ਾਹ ਮੀਆਂ ਸਾਰਾ ਜੱਗ ਗੰਨਾ , ਮਜ਼ਾ ਚੱਖ ਲੈ ਪੋਰੀਆਂ ਪੋਰੀਆਂ ਦਾ ਅਨੁਸਾਰ ਪੰਜਾਬੀਆਂ ਨੇ ਵੀ ਦੂਸਰਿਆਂ ਦੇ ਖਾਣਿਆਂ ਦਾ ਲੁਤਫ਼ ਲੈਣਾ ਹੈ । ਵਿਚਾਰਨ ਵਾਲੀ ਗੱਲ ਸਿਰਫ਼ ਏਨੀ ਹੈ ਕਿ ਸਾਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਪੰਜਾਬੀ ਖਾਣਿਆਂ ਦੀ ਥਾਂ ਬਣਾਈ ਰੱਖਣੀ ਚਾਹੀਦੀ ਹੈ ।
ਇਹ ਵਿਗਿਆਨਿਕ ਤੌਰ ‘ ਤੇ ਜ਼ਰੂਰੀ ਹੈ ਕਿਉਂਕਿ ਹਰ ਇਲਾਕੇ ਵਿੱਚ ਪੈਦਾ ਹੋਣ ਵਾਲੀ ਖਾਧ – ਖੁਰਾਕ ਅਤੇ ਉਸ ਨੂੰ ਬਣਾਉਣ ਦਾ ਢੰਗ ਉੱਥੋਂ ਦੇ ਵਾਤਾਵਰਨ ਅਨੁਸਾਰ ਢਲਿਆ ਹੁੰਦਾ ਹੈ । ਸਾਡੇ ਰਵਾਇਤੀ ਖਾਣੇ ਖ਼ੁਰਾਕੀ ਤੱਤਾਂ ਦੇ ਮਾਮਲੇ ਵਿੱਚ ਚੰਗੇ ਅਤੇ ਸਸਤੇ ਹਨ ਜਦੋਂ ਕਿ ਬਹੁਤੇ ਨਵੇਂ ਖਾਣੇ ਸਿਹਤ ਲਈ ਮਾੜੇ ਅਤੇ ਮਹਿੰਗੇ ਹਨ । ਬਿਨਾਂ ਸ਼ੱਕ ਸਾਡੇ ਪੁਰਾਣੇ ਖਾਣੇ ਘਰਾਂ ਵਿੱਚ ਜਾਂ ਘਰਾਂ ਦੇ ਨੇੜੇ ਵਿਸ਼ੇਸ਼ ਪਕਾਵੇ ਬਣਾਉਂਦੇ ਸਨ । ਜਦੋਂ ਕਿ ਨਵੇਂ ਢੰਗ ਦਾ ਬਹੁਤਾ ਖਾਣਾ ਡੱਬੇ – ਬੰਦ ਹੁੰਦਾ ਹੈ ਤੇ ਇਸ ਨੂੰ ਜ਼ਿਆਦਾ ਚਿਰ ਸਾਂਭਣ ਲਈ ਇਸ ਵਿੱਚ ਅਜਿਹੇ ਪਦਾਰਥ ਪਾਉਣੇ ਪੈਂਦੇ ਹਨ ਜਿਹੜੇ ਮਨੁੱਖੀ ਸਿਹਤ ਲਈ ਚੰਗੇ ਨਹੀਂ ਹੁੰਦੇ ।
ਬਿਨਾਂ ਸ਼ੱਕ ਅੱਜ ਪੰਜਾਬੀ ਸੱਭਿਆਚਾਰ ਦੀ ਪਛਾਣ ਬਣ ਚੁੱਕੇ ਕੁਝ ਖਾਣੇ ਜਿਵੇਂ ਪਰੌਂਠਾ , ਚੂਰੀ , ਸਮੋਸਾ , ਸਾਗ , ਮੱਕੀ ਦੀ ਰੋਟੀ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਚੁੱਕੇ ਹਨ । ਸਾਨੂੰ ਆਪਣੇ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ । ਖ਼ੁਰਾਕੀ ਤੱਤਾਂ ਦੇ ਪੱਖੋਂ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਕਿਸੇ ਵੀ ਕੰਪਨੀ ਦੇ ਠੰਢਿਆਂ ਨਾਲੋਂ ਲੱਸੀ ਅਤੇ ਸ਼ਕੰਜਵੀ ਕਿਤੇ ਵੱਧ ਮੁਫੀਦ ਹਨ । ਤਾਜ਼ਾ ਗੰਨੇ ਦੇ ਰਸ ਦਾ ਮੁਕਾਬਲਾ ਡੱਬੇ – ਬੰਦ ਜੂਸ ਕਰ ਹੀ ਨਹੀਂ ਸਕਦਾ । ਸਾਨੂੰ ਆਪਣੇ ਸਥਾਨਿਕ ਪੀਣ – ਪਦਾਰਥਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ । ਇਹ ਕੇਵਲ ਸੱਭਿਆਚਾਰ ਦੀ ਰਾਖੀ ਲਈ ਹੀ ਜ਼ਰੂਰੀ ਨਹੀਂ , ਇਹ ਪੰਜਾਬ ਦੇ ਅਰਥਚਾਰੇ ਲਈ ਵੀ ਜ਼ਰੂਰੀ ਹੈ ।
ਨਸ਼ੀਲੇ ਪਦਾਰਥਾਂ ਦੀ ਵਰਤੋਂ
ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਅੰਦਰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਵਧੀ ਹੈ । ਇਹ ਪੰਜਾਬੀ ਸੱਭਿਆਚਾਰ ‘ ਤੇ ਵੱਡਾ ਧੱਬਾ ਹੈ । ਪਹਿਲਾਂ ਸ਼ਰਾਬ ਅਮੀਰਾਂ ਦੀ ਅੱਯਾਸ਼ੀ ਦਾ ਚਿੰਨ੍ਹ ਮੰਨੀ ਜਾਂਦੀ ਸੀ । ਆਮ ਆਦਮੀ ਕਦੇ ਵਿਆਹ – ਸ਼ਾਦੀ ਜਾਂ ਮੇਲੇ – ਤਿਉਹਾਰ ਸਮੇਂ ਇਸ ਦੀ ਵਰਤੋਂ ਕਰ ਲੈਂਦਾ ਸੀ ਪਰ ਅੱਜ ਸ਼ਰਾਬ ਦੀ ਖਪਤ ਜਿੰਨੀ ਵਧ ਗਈ ਹੈ ਅਤੇ ਇਸ ਨੂੰ ਬੁਰਾਈ ਦੀ ਥਾਂਵੇਂ ਸੱਭਿਆਚਾਰਿਕ ਦਿਖਾਵੇ ਵਜੋਂ ਜਿਵੇਂ ਵਰਤਾਇਆ ਜਾ ਰਿਹਾ ਹੈ ਅਤੇ ਪੰਜਾਬੀ ਗੀਤ – ਸੰਗੀਤ ਵਿੱਚ ਇਸ ਨੂੰ ਉਚਿਆਇਆ ਜਾ ਰਿਹਾ ਹੈ , ਉਹ ਸੱਚ – ਮੁੱਚ ਚਿੰਤਾ ਦਾ ਵਿਸ਼ਾ ਹੈ ।
ਇਹ ਨਸ਼ੇ ਸਰੀਰ ਲਈ ਨੁਕਸਾਨਦੇਹ ਹਨ । ਬੰਦਿਆਂ ਨੂੰ ਮਾਨਸਿਕ ਤੌਰ ‘ ਤੇ ਅਪਾਹਜ ਬਣਾਉਂਦੇ ਹਨ ਤੇ ਉਹਨਾਂ ਨੂੰ ਆਰਥਿਕ ਤੌਰ ‘ ਤੇ ਢਾਹ ਵੀ ਲਾਉਂਦੇ ਹਨ । ਅੱਜ ਨਸ਼ੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਹਨ । ਇਹ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਹੀ ਮਾੜਾ ਪੱਖ ਹੈ । ਪੰਜਾਬ ਨੂੰ ਨਸ਼ਾ – ਮੁਕਤ ਕਰਨ ਲਈ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ।
ਸ਼ਹਿਰਾਂ ਵਿੱਚ ਵੱਸਣ ਦਾ ਰੁਝਾਅ
ਪਿਛਲੇ ਕੁਝ ਸਮਿਆਂ ਵਿੱਚ ਦੋ ਹੋਰ ਵੱਡੀਆਂ ਤਬਦੀਲੀਆਂ ਵਾਪਰੀਆਂ ਹਨ । ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਵੱਸਣ ਦਾ ਰੁਝਾਨ ਵਧਿਆ ਹੈ ਅਤੇ ਵੱਡੇ ਸਾਂਝੇ ਪਰਿਵਾਰਾਂ ਦੀ ਥਾਂਵੇਂ ਛੋਟੇ ਜੋੜਾ ਪਰਿਵਾਰ ਵਧ ਰਹੇ ਹਨ । ਇਸ ਦਾ ਕਾਰਨ ਨੌਕਰੀਆਂ ਵਿੱਚ ਵਾਧਾ ਅਤੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਸਹੂਲਤਾਂ ਦਾ ਘੱਟ ਹੋਣਾ ਹੈ ।
ਇਹਨਾਂ ਦੋ ਰੁਝਾਨਾਂ ਨੇ ਰਵਾਇਤੀ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ ਹੈ ਬਹੁਤ ਸਾਰੇ ਤਿਉਹਾਰ ਜਿਵੇਂ ਤੀਆਂ , ਲੋਹੜੀ , ਸਾਂਝੀ ਇਸ ਰੂਪ ਵਿੱਚ ਬਦਲ ਗਏ ਹਨ ਕਿ ਇਹ ਹੁਣ ਪੰਜਾਬੀ ਤਿਉਹਾਰ ਹੀ ਨਹੀਂ ਲੱਗਦੇ , ਉਦਾਹਰਨ ਵਜੋਂ ਪਿੰਡਾਂ ਵਿੱਚ ਸਾਉਣ ਮਹੀਨੇ ਪੂਰਾ ਪੰਦਰਵਾੜਾ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮੁੜ ਮਿਲਨ ਦਾ ਸਾਧਨ , ਨਵੀਂਆਂ ਕੁੜੀਆਂ ਲਈ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ ਜਦੋਂ ਕਿ ਆਧੁਨਿਕ ਕਲੱਬਾਂ , ਦਫ਼ਤਰਾਂ ਵਿੱਚ ਲੱਗਣ ਵਾਲੀਆਂ ਤੀਆਂ , ਇੱਕ ਦਿਨੀਂ ਦੋ ਘੰਟੇ ਵਾਲੀਆਂ ਤੀਆਂ ਮੁੱਖ ਅਫ਼ਸਰ ਦੀ ਪਤਨੀ ਨੂੰ ਪੀਂਘ ‘ ਤੇ ਬਿਠਾ ਕੇ ਫੋਟੋ ਛਪਵਾਉਣ ਤੱਕ ਸੀਮਿਤ ਹੋ ਗਈਆਂ ਹਨ ।
ਵੱਧ ਤੋਂ ਵੱਧ ਇਸ ਮੌਕੇ ਲਗਾਏ ਸਟਾਲਾਂ ਤੋਂ ਖਾਣ – ਪੀਣ ਦੀਆਂ ਵਸਤਾਂ ਮੁੱਲ ਮਿਲ ਸਕਦੀਆਂ ਹਨ । ਰਵਾਇਤੀ ਭਾਈਚਾਰਿਕ ਸਾਂਝ ਅਤੇ ਬਰਾਬਰਤਾ ਦੇ ਤਿਉਹਾਰ , ਆਧੁਨਿਕ ਖਪਤਕਾਰੀ ਯੁੱਗ ਵਿੱਚ ਚਾਪਲੂਸੀ ਦੇ ਸਾਧਨ ਬਣ ਰਹੇ ਹਨ । ਸਾਡੇ ਰਵਾਇਤੀ ਤਿਉਹਾਰਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਪਰ ਇਹਨਾਂ ਵਿਚਲੀ ਰਵਾਇਤੀ ਖ਼ੁਸ਼ਬੋ ਵੀ ਬਰਕਰਾਰ ਰਹਿਣੀ ਚਾਹੀਦੀ ਹੈ ।
ਛੋਟੇ ਪਰਿਵਾਰਾਂ ਦਾ ਉਪਜਣਾ
ਨੌਕਰੀ – ਪੇਸ਼ਾ ਸਮਾਜ ਵਿੱਚ ਅਬਾਦੀ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਛੋਟੇ ਪਰਿਵਾਰ ਪੈਦਾ ਹੋਣੇ ਸੁਭਾਵਿਕ ਹਨ । ਸੰਯੁਕਤ ਪਰਿਵਾਰਾਂ ਵਿੱਚ ਆਪਣੇ ਢੰਗ ਦੀਆਂ ਸਮੱਸਿਆਵਾਂ ਸਨ ਅਤੇ ਉਹਨਾਂ ਵਿੱਚ ਵਿਅਕਤੀਗਤ ਅਜ਼ਾਦੀ ਲਈ ਬਿਲਕੁਲ ਥਾਂ ਨਹੀਂ ਸੀ । ਆਧੁਨਿਕ ਜੋੜਾ ਪਰਿਵਾਰਾਂ ਵਿੱਚ ਵਿਅਕਤੀਗਤ ਅਜ਼ਾਦੀ ਤਾਂ ਹੈ ਪਰ ਦੁੱਖ – ਸੁੱਖ ਦੀ ਸਾਂਝ ਨਾਂ – ਮਾਤਰ ਹੈ । ਨਵੀਂ ਪੀੜ੍ਹੀ ਨੇ ਆਪਣੇ ਸੱਭਿਆਚਾਰਿਕ ਸੰਸਕਾਰ ਪੁਰਾਣੀ ਪੀੜ੍ਹੀ ਤੋਂ ਪ੍ਰਾਪਤ ਕਰਨੇ ਹੁੰਦੇ ਹਨ । ਜੇ ਘਰ ਵਿੱਚ ਬਜ਼ੁਰਗ ਹੀ ਨਹੀਂ ਹਨ ਤਾਂ ਲੋਕ – ਧਾਰਾ ਦਾ ਖ਼ਜ਼ਾਨਾ ਅੱਗੇ ਨਹੀਂ ਤੁਰਨਾ ।
ਬਿਨਾਂ ਸ਼ੱਕ ਬਦਲੀ ਪਰਿਸਥਿਤੀ ਵਿੱਚ ਰਵਾਇਤੀ ਕਿਸਮ ਦੇ ਸੰਯੁਕਤ ਵੱਡੇ ਪਰਿਵਾਰ ਤਾਂ ਸੰਭਵ ਹੀ ਨਹੀਂ ਹਨ ਪਰ ਜੋੜਾ ਪਰਿਵਾਰ ਵਿੱਚ ਮਾਪਿਆਂ ਨਾਲ ਰੱਖ ਕੇ ਛੋਟੇ ਤੇ ਵੱਡੇ ਪਰਿਵਾਰ ਦਾ ਵਿਚਕਾਰਲਾ ਰੂਪ ਰੱਖਿਆ ਜਾ ਸਕਦਾ ਹੈ । ਇਹ ਪੁੰਨ ਤੇ ਫਲੀਆਂ ਵਾਲੀ ਗੱਲ ਹੈ । ਮਾਪਿਆਂ ਪ੍ਰਤਿ ਫ਼ਰਜ਼ ਵੀ ਅਦਾ ਹੋ ਸਕਦਾ ਹੈ ਤੇ ਨਵੀਂ ਪੀੜ੍ਹੀ ਲਈ ਬਜ਼ੁਰਗ ਰਾਹ – ਦਰਸਾਵਾ ਵੀ ਹੋ ਸਕਦੇ ਹਨ । ਓਲਡ ਏਜ਼ ਹੋਮ ਪੰਜਾਬੀ ਸੱਥ ਦਾ ਬਦਲ ਨਹੀਂ ਬਣਨ ਲੱਗੇ । ਸਾਨੂੰ ਨਵੀਂਆਂ ਪਰਿਸਥਿਤੀਆਂ ਅਨੁਸਾਰ ਨਵੇਂ ਸੱਭਿਆਚਾਰਿਕ ਮਾਪ – ਦੰਡ ਸਿਰਜਣੇ ਪੈਣੇ ਹਨ ।
ਵਿਦੇਸ਼ ਜਾਣ ਦਾ ਵੱਧਦਾ ਰੁਝਾਅ
ਇਸੇ ਸਮੇਂ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ । ਅੱਜ ਜਦੋਂ ਦੁਨੀਆਂ ਇੱਕ ਹੋ ਰਹੀ ਹੈ ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ ਹੈ । ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਵਿਅਕਤੀ ਬਿਨਾਂ ਸੋਚੇ – ਸਮਝੇ , ਬਿਨਾਂ ਕਿਸੇ ਪੜ੍ਹਾਈ ਸਿਖਲਾਈ ਦੇ ਅੰਨ੍ਹੇਵਾਹ ਲੱਖਾਂ ਰੁਪਏ ਖ਼ਰਚ ਕੇ ਗ਼ੈਰਕਨੂੰਨੀ ਢੰਗ ਨਾਲ ਇਹ ਸੋਚ ਕੇ ਵਿਦੇਸ਼ ਚਲੇ ਜਾਂਦੇ ਹਨ ਕਿ ਸ਼ਾਇਦ ਉੱਥੇ ਡਾਲਰ ਅਤੇ ਪੌਂਡ ਥੋੜ੍ਹੀ ਮਿਹਨਤ ਕਰਨ ਨਾਲ ਹੀ ਮਿਲ ਜਾਂਦੇ ਹਨ , ਜੋ ਉਹਨਾਂ ਦਾ ਭੁਲੇਖਾ ਹੈ ।
ਇੰਞ ਗ਼ੈਰਕਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਣ ਨਾਲ ਪੰਜਾਬੀ ਬੰਦਾ ਤਾਂ ਵਿਦੇਸ਼ਾਂ ਵਿੱਚ ਫੈਲ ਰਿਹਾ ਹੈ ਪਰ ਪੰਜਾਬੀ ਸੱਭਿਆਚਾਰ ਦੀ ਖੁਸ਼ਬੋ ਨਹੀਂ । ਖ਼ੁਸ਼ਬੋ ਉਹ ਵਿਅਕਤੀ ਹੀ ਫੈਲਾ ਸਕਦੇ ਹਨ ਜੋ ਕਨੂੰਨੀ ਢੰਗ ਨਾਲ ਪੂਰੀ ਤਿਆਰੀ ਕਰ ਕੇ ਵਿਦੇਸ਼ ਜਾਂਦੇ ਹਨ । ਦੂਸਰੇ ਵਿਅਕਤੀ ਤਾਂ ਆਪਣੀ ਹੋਂਦ ਬਚਾਉਣ ਅਤੇ ਉੱਥੇ ਪੱਕੇ ਹੋਣ ਦੀ ਲੜਾਈ ਵਿੱਚ ਹੀ ਜ਼ਿੰਦਗੀ ਕੱਢ ਦਿੰਦੇ ਹਨ ।
ਸੰਚਾਰ ਸਾਧਨਾਂ ਦੀ ਵਰਤੋਂ
ਨਵੀਂ ਪੀੜ੍ਹੀ ਨਵੇਂ ਸੰਚਾਰ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ ਜਿਨ੍ਹਾਂ ਵਿੱਚ ਕੰਪਿਊਟਰ , ਇੰਟਰਨੈੱਟ , ਸੈਟੇਲਾਈਟ ਚੈਨਲ ਅਤੇ ਮੋਬਾਈਲ ਟੈਲੀਫੋ਼ਨ ਪ੍ਰਮੁੱਖ ਹਨ । ਇਹ ਸਿਰਫ਼ ਸੰਚਾਰ ਦੇ ਸਾਧਨ ਨਹੀਂ ਆਪਣੇ ਆਪ ਵਿੱਚ ਸੰਦੇਸ਼ ਵੀ ਹਨ । ਇਹ ਸਾਧਨ ਪੰਜਾਬੀ ਸੱਭਿਆਚਾਰ ਨੂੰ ਬਚਾਉਣ , ਨਵ – ਸਿਰਜਣ ਅਤੇ ਦੂਰ – ਦੂਰ ਫੈਲਾਉਣ ਲਈ ਵੀ ਵਰਤੇ ਜਾ ਸਕਦੇ ਹਨ ਅਤੇ ਇਹ ਪੰਜਾਬੀ ਸੱਭਿਆਚਾਰ ਉੱਪਰ ਮਾਰੂ ਪ੍ਰਭਾਵ ਵੀ ਪਾ ਸਕਦੇ ਹਨ । ਇਹ ਹੁਣ ਪੰਜਾਬੀਆਂ ਦੇ ਹੱਥ ਹੈ ਕਿ ਇਹਨਾਂ ਚੀਜ਼ਾਂ ਦੀ ਯੋਗ ਵਰਤੋਂ ਕਿਵੇਂ ਕਰਨੀ ਹੈ ।
ਪੁਰਾਣੀ ਪੀੜ੍ਹੀ ਨਵੇਂ ਸੰਚਾਰ ਸਾਧਨਾਂ ਨੂੰ ਮਾੜਾ ਆਖ ਕੇ ਖਹਿੜਾ ਨਹੀਂ ਛੁਡਾ ਸਕਦੀ ਸਗੋਂ ਉਸ ਨੂੰ ਨਵੀਂ ਪੀੜ੍ਹੀ ਦੇ ਹਾਣੀ ਬਣ ਕੇ ਉਹਨਾਂ ਦੀ ਅਗਵਾਈ ਕਰਨੀ ਪਵੇਗੀ | ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਹੀ ਪੀੜ੍ਹੀ – ਪਾੜਾ ਏਨਾ ਵਧ ਜਾਵੇਗਾ ਕਿ ਮਾਪੇ ਬੱਚਿਆਂ ਦੀ ਗੱਲ ਸਮਝਣ ਤੋਂ ਅਸਮਰਥ ਹੋ ਜਾਣਗੇ ।
ਪਰਿਵਰਤਨਾਂ ਕਾਰਣ ਉਤਪੰਨ ਸਮੱਸਿਆਵਾਂ ਪ੍ਰਤੀ ਚੇਤਨਾ
ਨਵੀਂਆਂ ਸਥਿਤੀਆਂ ਵਿੱਚ ਸਮਾਜ ਅੰਦਰ ਨਵੀਆਂ ਸਮੱਸਿਆਵਾਂ ਅਤੇ ਲੋੜਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ । ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਕੇਵਲ ਕਨੂੰਨ ਬਣਾ ਕੇ ਹੱਲ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਉਹਨਾਂ ਸਮੱਸਿਆਵਾਂ ਪ੍ਰਤਿ ਚੇਤਨਾ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਬਣਦੀ । ਉਦਾਹਰਨ ਵਜੋਂ ਵਾਤਾਵਰਨ ਦੀ ਸਮੱਸਿਆ ਕੇਵਲ ਕਨੂੰਨਾਂ ਨਾਲ ਹੱਲ ਨਹੀਂ ਹੋਣੀ । ਸਾਨੂੰ ਤਾਂ ਆਪਣਾ ਵਿਰਸਾ ਫਰੋਲਣਾ ਪਵੇਗਾ ਜਿਸ ਵਿੱਚ ‘ ਮਾਤਾ ਧਰਤਿ ਮਹਤੁ ’ ਹੈ ।
ਉਹਨਾਂ ਬਜ਼ੁਰਗਾਂ ਦੀਆਂ ਆਦਤਾਂ ਨੂੰ ਮੁੜ ਯਾਦ ਕਰਨਾ ਪਵੇਗਾ ਜਿਹੜੇ ਰਾਤ ਨੂੰ ਦਰਖ਼ਤ ਤੋਂ ਦਾਤਣ ਵੀ ਨਹੀਂ ਤੋੜਦੇ ਸਨ ਕਿ ਹੁਣ ਦਰਖ਼ਤ ਸੁੱਤੇ ਹੋਏ ਹਨ । ਦਰਖ਼ਤਾਂ ਵਿੱਚ ਜੀਵਨ ਸਮਝਣਾ ਅਤੇ ਉਹਨਾਂ ਪ੍ਰਤਿ ਸੰਵੇਦਨਸ਼ੀਲਤਾ ਮੁੜ ਪਛਾਣਨ ਦੀ ਲੋੜ ਹੈ । ਕਨੇਡਾ ਦੇ ਵੱਡੇ ਸਟੋਰਾਂ ਵਿੱਚ ਕੈਰੀ ਬੈਗ ਭਾਵ ਝੋਲਾ ਦਿਖਾਉਣ ਨਾਲ ਬਿੱਲ ‘ ਤੇ ਛੋਟ ਮਿਲਦੀ ਹੈ । ਸਾਡੇ ਸੱਭਿਆਚਾਰ ਵਿੱਚ ਤਾਂ ਝੋਲੇ ਦੀ ਪਰੰਪਰਾ ਢੇਰ ਪੁਰਾਣੀ ਹੈ ਜੋ ਅਸੀਂ ਛੱਡ ਦਿੱਤੀ ਹੈ ।
ਹੁਣ ਸਾਨੂੰ ਆਪਣੀਆਂ ਪੁਰਾਣੀਆਂ ਆਦਤਾਂ ਮੁੜ ਸੁਰਜੀਤ ਕਰਨ ਦੀ ਲੋੜ ਹੈ , ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਵਿਅਕਤੀ ਮੰਡੀ ਝੋਲਾ ਲੈ ਕੇ ਜਾਂਦਾ ਸੀ । ਉਵੇਂ ਹੁਣ ਵੀ ਪਲਾਸਟਿਕ ਦੇ ਲਿਫਾਫਿਆਂ ਤੋਂ ਨਿਜ਼ਾਤ ਝੋਲੇ ਦੀ ਪਰੰਪਰਾ ਮੁੜ ਸੁਰਜੀਤ ਕਰ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਪ੍ਰਕਾਰ ਸਾਨੂੰ ਆਪਣੀਆਂ ਨਵੀਂਆਂ ਸੱਭਿਆਚਾਰਿਕ ਪਰੰਪਰਾਵਾਂ ਵੀ ਵਿਕਸਤ ਕਰਨੀਆਂ ਪੈਣਗੀਆਂ , ਜਿਵੇਂ ਜਨਮ – ਦਿਨ ਮਨਾਉਣ ਸਮੇਂ ਤੇ ਵਿੱਛੜ ਚੁੱਕਿਆਂ ਦੀ ਯਾਦ ਵਿੱਚ ਰੁੱਖ ਲਗਾਉਣ ਵਰਗੀਆਂ ਪਿਰਤਾਂ ਪਾਉਣੀਆਂ ਪੈਣਗੀਆਂ ।
ਸੱਭਿਆਚਾਰ ਅਤੇ ਭਾਸ਼ਾ ਵਿਚਾਲੇ ਸੰਬੰਧ
ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਸ ਦਾ ਚਿਹਰਾ | ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ । ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ । ਅੰਗਰੇਜ਼ ਤਾਂ ਇੱਥੋਂ ਚਲੇ ਗਏ ਪਰ ਸਾਡੇ ਨਾਲ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਏ । ਸਾਡੇ ਨਾਲ ਉਹ ਹੋਈ ਕਿ ‘ ਭੈਣ ਮਰ ਗਈ ਪਰ ਦੰਦ ਆਲੇ ਵਿੱਚ ਧਰ ਗਈ । ਅੰਗਰੇਜ਼ੀ ਭਾਸ਼ਾ ਸੱਭਿਆਚਾਰਿਕ ਕਲਾਵਾਂ ਦੀ ਅੰਤਰ – ਰਾਸ਼ਟਰੀ ਮੰਡੀ ਹੈ ।
ਉਹ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆਂ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਦੋਂ ਬੱਚਾ ਮਾਂ ਬੋਲੀ ਦੀ ਥਾਂਵੇਂ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਆਪਣੇ ਆਪ ਸਾਡੇ ‘ ਤੇ ਅਸਰ ਪਾਵੇਗਾ । ਬੱਚੇ ਨੂੰ ਅੰਗਰੇਜ਼ੀ ਕਾਰਟੂਨ , ਅੰਗਰੇਜ਼ੀ ਫ਼ਿਲਮਾਂ , ਅੰਗਰੇਜ਼ੀ ਗੀਤ , ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ । ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ , ਅਖਾਣਾਂ , ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰਥ ਰਹਿ ਜਾਵੇਗਾ । ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਵੇਗਾ ।
ਸੰਯੁਕਤ ਸੱਭਿਆਚਾਰ ਦਾ ਟੁੱਟਣਾ
ਪੰਜਾਬੀ ਸੱਭਿਆਚਾਰ ਸੰਯੁਕਤ ਸੱਭਿਆਚਾਰ ਸੀ ਜਿਸ ਵਿੱਚ ਹਿੰਦੂ , ਮੁਸਲਿਮ , ਸਿੱਖ , ਈਸਾਈ , ਜੈਨੀ , ਬੋਧੀ ਸਭ ਆਪੋ – ਆਪਣਾ ਯੋਗਦਾਨ ਪਾਉਂਦੇ ਸਨ । ਦੇਸ ਅਜ਼ਾਦ ਹੋ ਜਾਣ ਸਮੇਂ ਹੋਈ ਦੇਸ – ਵੰਡ ਕਾਰਨ ਇਹ ਭੂਗੋਲਿਕ ਖਿੱਤਾ ਦੋ ਭਾਗਾਂ : ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ ਵਿੱਚ ਵੰਡਿਆ ਗਿਆ ।
ਇਸੇ ਪ੍ਰਕਾਰ ਭਾਰਤੀ ਪੰਜਾਬ ਦੀ ਪੁਨਰ – ਵੰਡ ਨਾਲ ਮੌਜੂਦਾ ਰਾਜਨੀਤਿਕ ਪੰਜਾਬ ਆਕਾਰ ਵਿੱਚ ਛੋਟਾ ਹੋ ਗਿਆ ਅਤੇ ਇਸ ਦੇ ਪ੍ਰਕਾਰ ਵਿੱਚ ਵੀ ਫ਼ਰਕ ਪੈ ਗਿਆ । ਭਾਰਤੀ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਤੇ ਪਾਕਿਸਤਾਨੀ ਪੰਜਾਬ ਵਿੱਚ ਇਹ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ । ਵੀਜ਼ੇ ਦੀਆਂ ਬੰਦਸ਼ਾਂ ਕਾਰਨ ਮਿਲਣ – ਜੁਲਣ ਦੇ ਮੌਕੇ ਘੱਟ ਹੋਣ ਕਾਰਨ ਸਾਡਾ ਸਾਂਝਾ ਸੱਭਿਆਚਾਰ ਖੰਡਿਤ ਹੋ ਗਿਆ ਹੈ ।
ਦੇਸ – ਵੰਡ ਤੋਂ ਬਾਅਦ ਪੈਦਾ ਹੋਈ ਪੀੜ੍ਹੀ ਲਈ ਬੜੇ ਦਿਨ , ਤਿਉਹਾਰ , ਮੁਹਾਵਰੇ ਓਪਰੇ ਹੁੰਦੇ ਜਾ ਰਹੇ ਹਨ , ਜਿਵੇਂ ; ‘ ਈਦ ਮਗਰੋਂ ਤੰਬਾ ਫੂਕਣਾ ’ ਹੈ , ‘ ਈਦ ਦਾ ਚੰਦ ਹੋਣਾ ’ , ਮੁੱਲਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਵਰਗੇ ਮੁਹਾਵਰੇ ਓਪਰੇ ਹੁੰਦੇ ਜਾ ਰਹੇ ਹਨ । ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਲਈ ਇਹ ਜ਼ਰੂਰੀ ਹੈ ਕਿ ਦੋਂਹਾਂ ਦੇਸਾਂ ਦਰਮਿਆਨ ਅਮਨ ਰਹੇ ਅਤੇ ਦੋਵੇਂ ਪੰਜਾਬਾਂ ਦਾ ਮੇਲ – ਜੋਲ ਵਧੇ | ਪੰਜਾਬੀ ਸੱਭਿਆਚਾਰ ਵਿੱਚ ਦੋ ਭਰਾ ਅੱਡ ਹੋ ਕੇ ਵੀ ਦਾਲ – ਕੌਲੀ ਦੀ ਸਾਂਝ ਰੱਖਦੇ ਹਨ ।
ਜਾਤ-ਪਾਤ ਤੇ ਕਿਸਾਨੀ ਜੀਵਨ
ਪੰਜਾਬੀ ਸਮਾਜ ਭਾਰਤੀ ਜਾਤ – ਪ੍ਰਬੰਧ ਅਨੁਸਾਰ ਵੰਡਿਆ ਹੋਇਆ ਸੀ । ਆਧੁਨਿਕੀਕਰਨ , ਸ਼ਹਿਰੀਕਰਨ ਤੇ ਉਦਯੋਗੀਕਰਨ ਦੇ ਬਾਵਜੂਦ ਪੰਜਾਬ ਵਿੱਚ ਜਾਤ – ਪਾਤ ਦਾ ਬੰਧਨ ਪੂਰੀ ਤਰ੍ਹਾਂ ਨਹੀਂ ਟੁੱਟਿਆ । ਪੰਜਾਬ ਖੇਤੀ – ਬਾੜੀ ਪ੍ਰਧਾਨ ਇਲਾਕਾ ਸੀ ਤੇ ਇਸ ਕਰਕੇ ਸਾਰਾ ਸੱਭਿਆਚਾਰ ਹੀ ਕਿਸਾਨੀ ਜੀਵਨ ਦੁਆਲੇ ਘੁੰਮਦਾ ਸੀ । ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਵੀ ਕਿਸਾਨ ਦੀ ਚੜ੍ਹਤ ਸੀ । ਪਿਛਲੇ ਕੁਝ ਸਮੇਂ ਤੋਂ ਕਿਸਾਨ ਦਾ ਜੀਵਨ ਪੱਧਰ ਤਾਂ ਬਹੁਤਾ ਉੱਚਾ ਨਹੀਂ ਹੋਇਆ ਪਰ ਪੰਜਾਬ ਦੇ ਪ੍ਰਚਲਿਤ ਫਿਲਮਾਂ ਅਤੇ ਗੀਤਾਂ ਵਿੱਚ ਜੱਟ ਸ਼ਬਦ ਦੀ ਵਰਤੋਂ ਬਹੁਤ ਵਧ ਗਈ ਹੈ ਅਤੇ ਉਸ ਨੂੰ ਹਿੰਸਕ ਅਤੇ ਸ਼ਰਾਬੀ ਦੇ ਰੂਪ ਵਿੱਚ ਚਿਤਰਿਆ ਜਾਣਾ ਸ਼ੁਰੂ ਹੋਇਆ ਹੈ ।
ਕਿਸਾਨ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਸੰਜੀਦਗੀ ਨਾਲ ਪੇਸ਼ ਕਰਨ ਦੀ ਥਾਂ ਹੈਂਕੜ ਅਤੇ ਫੁਕਰੇਪਣ ਦਾ ਪ੍ਰਗਟਾਵਾ ਵਧਿਆ ਹੈ । ਪੰਜਾਬ ਖੇਤੀ – ਪ੍ਰਧਾਨ ਖਿੱਤਾ ਹੈ । ਇਸ ਦੇ ਪ੍ਰਮੁੱਖ ਕਿੱਤਾਕਾਰ ਕੋਲ ਅੰਨ – ਦਾਤਾ ਹੋਣ ਦਾ ਮਾਣ ਹੈ,ਪਰ ਇਸ ਨੂੰ ਜਾਤੀ ਹੰਕਾਰ ਵਿੱਚ ਨਹੀਂ ਬਦਲਣਾ ਚਾਹੀਦਾ ਸਗੋਂ ਉਸ ਦੀ ਮਿਹਨਤ ਨੂੰ ਵਡਿਆਉਣਾ ਚਾਹੀਦਾ ਹੈ ।
ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਸਾਡੇ ਫ਼ਰਜ਼
ਹਰ ਪੰਜਾਬੀ ਨੂੰ ਆਪਣੇ ਸੱਭਿਆਚਾਰ ਤੇ ਅਭਿਮਾਨ ਨਹੀਂ ਸਗੋਂ ਮਾਣ ਕਰਨਾ ਚਾਹੀਦਾ ਹੈ । ਬਹੁਤ ਕੁਝ ਸਾਨੂੰ ਛੱਡਣ ਦੀ ਜ਼ਰੂਰਤ ਹੈ , ਜਿਵੇਂ ; ਕੁੜੀਆਂ ਮਾਰਨਾ । ਬਹੁਤ ਸਾਰਾ ਕੁਝ ਸਾਨੂੰ ਰੱਖਣ ਦੀ ਜ਼ਰੂਰਤ ਹੈ , ਜਿਵੇਂ ; ਘਰ ਵਿੱਚ ਬਜ਼ੁਰਗ । ਬਹੁਤ ਕੁਝ ਸਾਨੂੰ ਦੂਸਰਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ , ਜਿਵੇਂ ; ਕੰਮ ਕਰਨ ਦਾ ਸੱਭਿਆਚਾਰ । ਬਹੁਤ ਕੁਝ ਸਾਡੇ ਕੋਲ ਮੌਜੂਦ ਹੈ , ਜਿਵੇਂ ; ਕਿਰਤ ਕਰਨਾ ਤੇ ਵੰਡ ਛਕਣ ਦੇ ਨਾਲ ਸਬਰ , ਸੰਤੋਖ , ਸਹਿਜਤਾ । ਇਸ ਸਭ ਕੁਝ ਨੂੰ ਬਚਾਉਣ ਦੀ ਜ਼ਰੂਰਤ ਹੈ ।
ਮੁਕਦੀ ਗੱਲ ਇਹ ਹੈ ਕਿ ਸੱਭਿਆਚਾਰ ਕੋਈ ਜੜ੍ਹ – ਵਰਤਾਰਾ ਨਹੀਂ , ਇਹ ਜਿਊਂਦੀ ਜਾਗਦੀ ਜੀਵਨ ਜਾਚ ਹੈ । ਇਸ ਨੂੰ ਨਿੱਤ ਨਵਿਆਉਣ ਦੀ ਲੋੜ ਪੈਂਦੀ ਹੈ | ਆਧੁਨਿਕ ਯੁੱਗ ਵਿੱਚ ਤਾਂ ਇਸ ਬਾਰੇ ਚੇਤਨ ਕੋਸ਼ਸ਼ਾਂ ਵੀ ਕਰਨੀਆਂ ਪੈਣੀਆਂ ਹਨ ਕਿਉਂਕਿ ਪਰੰਪਰਾ ਤੋਂ ਸਹਿਜ ਰੂਪ ਵਿੱਚ ਪੀੜ੍ਹੀ – ਦਰ – ਪੀੜ੍ਹੀ ਸਿੱਖਣ ਵਾਲਾ ਸਾਂਝਾ ਸਮਾਜ ਖ਼ਤਮ ਹੋ ਚੁੱਕਾ ਹੈ । ਸੋ , ਸਾਨੂੰ ਹਰ ਵੇਲੇ ਚੇਤੰਨ ਪੱਧਰ ‘ ਤੇ ਸੋਚ – ਵਿਚਾਰ ਕੇ ਨਵੀਂਆਂ ਸਿਹਤਮੰਦ ਪਰੰਪਰਾਵਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ ।
ਲੇਖਕ ਤੇ ਇੱਕ ਨਜ਼ਰ
ਲੇਖਕ ਦਾ ਨਾਂ | ਡਾ . ਰਾਜਿੰਦਰ ਪਾਲ ਸਿੰਘ ਬਰਾੜ |
ਮਾਤਾ ਦਾ ਨਾਂ | ਸ੍ਰੀਮਤੀ ਪ੍ਰੀਤਮ ਕੌਰ |
ਪਿਤਾ ਦਾ ਨਾਂ | ਸ੍ਰੀ ਕਰਨੈਲ ਸਿੰਘ |
ਜਨਮ – ਮਿਤੀ | 26-11-1963 |
ਜਨਮ – ਸਥਾਨ | ਕੋਟਕਪੂਰਾ ( ਮੋਗਾ ) ਫ਼ਰੀਦਕੋਟ |
ਵਿੱਦਿਅਕ – ਯੋਗਤਾ | ਐੱਮ . ਏ . , ਪੀਐੱਚ . ਡੀ . |
ਕੰਮ – ਕਿੱਤਾ | ਅਧਿਆਪਨ |
ਰਚਨਾਵਾਂ | ਭਾਰਤੀ ਦਰਸ਼ਨ , ਉੱਤਰ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ , ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ , ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ ਆਦਿ । |
ਹਥਲੀ ਪਾਠ – ਪੁਸਤਕ ਵਿੱਚ ਉਹਨਾਂ ਦਾ ਲੇਖ ‘ ਪੰਜਾਬੀ ਸੱਭਿਆਚਾਰਿਕ ਪਰਿਵਰਤਨ ’ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਸਮੇਂ – ਸਮੇਂ ਤੇ ਆਈਆਂ ਸੱਭਿਆਚਾਰਿਕ ਤਬਦੀਲੀਆਂ ਦੇ ਵੱਖ – ਵੱਖ ਪਹਿਲੂਆਂ ਉੱਤੇ ਭਰਪੂਰ ਚਾਨਣਾ ਪਾਇਆ ਹੈ ।
Also Read: